ਲੁਧਿਆਣਾ, 27 ਨਵੰਬਰ (ਪੈਗਾਮ-ਏ-ਜਗਤ):- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਕਾਲਜ ਨੇ “ਦੁੱਧ ਪ੍ਰੋਟੀਨ ਅਤੇ ਸਿਹਤ” ਥੀਮ ਅਧੀਨ ‘ਕੌਮੀ ਦੁੱਧ ਦਿਵਸ-2026’ ਮਨਾਇਆ।
ਇਸ ਸਮਾਗਮ ਦੌਰਾਨ ਪਾਚਨ ਤੰਤਰ ਨੂੰ ਦਰੁਸਤ ਰੱਖਣ ਅਤੇ ਸਮੁੱਚੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਵਿਕਸਿਤ ਉੱਚ ਗੁਣਵੱਤਾ ਵਾਲਾ ਡੇਅਰੀ ਉਤਪਾਦ ‘ਪ੍ਰੋਬਾਇਓਟਿਕ ਦਹੀਂ’ ਲੋਕ ਅਰਪਣ ਕੀਤਾ ਗਿਆ। ਲਾਭਦਾਇਕ ਪ੍ਰੋਬਾਇਓਟਿਕ ਬੈਕਟੀਰੀਆ ਨਾਲ ਭਰਪੂਰ ਇਹ ਉਤਪਾਦ ਪੌਸ਼ਟਿਕ ਖੁਰਾਕ ਵਜੋਂ ਕੰਮ ਕਰਦਾ ਹੈ। ਇਹ ਖਪਤਕਾਰਾਂ ਲਈ ਯੂਨੀਵਰਸਿਟੀ ਦੇ ਦੁੱਧ ਪਾਰਲਰਾਂ ਵਿੱਚ ਵਿਕਰੀ ਲਈ ਉਪਲਬਧ ਹੋਵੇਗਾ।
ਖਪਤਕਾਰਾਂ ਨੂੰ ਜਾਗਰੂਕ ਕਰਨ ਲਈ 19 ਤੋਂ 26 ਨਵੰਬਰ ਤੱਕ ਦੁੱਧ ਵਿੱਚ ਮਿਲਾਵਟ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਪ੍ਰਯੋਗਿਕ ਡੇਅਰੀ ਪਲਾਂਟ ਦੇ ਕਰਮਚਾਰੀਆਂ ਲਈ ਇੱਕ ਸਿੱਖਿਆ ਪ੍ਰੋਗਰਾਮ ਵੀ ਕਰਵਾਇਆ ਗਿਆ, ਤਾਂ ਜੋ ਉਨ੍ਹਾਂ ਨੂੰ ਸਾਫ਼-ਸੁਥਰੇ ਦੁੱਧ ਦੀ ਸੰਭਾਲ, ਸੁਰੱਖਿਅਤ ਪ੍ਰੋਸੈਸਿੰਗ ਅਤੇ ਗੁਣਵੱਤਾ ਯਕੀਨੀ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ।
ਡਾ. ਨਵਿਤਾ ਯਾਦਵ, ਨਿਰਦੇਸ਼ਕ/ਵਿਗਿਆਨੀ, ਭਾਰਤੀ ਮਾਪਦੰਡ ਬਿਊਰੋ, ਚੰਡੀਗੜ੍ਹ ਨੇ ਦੁੱਧ ਦੀ ਗੁਣਵੱਤਾ ਦੇ ਮੁਲਾਂਕਣ, ਭੋਜਨ ਸੁਰੱਖਿਆ ਮਾਪਦੰਡਾਂ ਅਤੇ ਡੇਅਰੀ ਉਤਪਾਦਾਂ ਦੀ ਸ਼ੁੱਧਤਾ ਯਕੀਨੀ ਬਣਾਉਣ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਮਾਹਰ ਭਾਸ਼ਣ ਦਿੱਤਾ। ਵਿਦਿਆਰਥੀਆਂ ਲਈ “ਦੁੱਧ ਪ੍ਰੋਟੀਨ ਅਤੇ ਸਿਹਤ” ਵਿਸ਼ੇ ’ਤੇ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਪਹਿਲਾ ਇਨਾਮ ਗਗਨ ਪਟੇਲ ਅਤੇ ਹਰਬਿੰਦਰ ਕੌਰ ਨੂੰ, ਦੂਜਾ ਇਨਾਮ ਖੁਸ਼ਬੂ ਨੂੰ ਅਤੇ ਤੀਜਾ ਇਨਾਮ ਯਾਚਨਾ ਹਰਮੁਖ ਅਤੇ ਸੰਦੀਪ ਕੌਰ ਨੂੰ ਦਿੱਤਾ ਗਿਆ। ਅਧਿਆਪਕਾਂ ਵੱਲੋਂ ਤਿਆਰ ਕੀਤੀਆਂ ਤਿੰਨ ਵਿਦਿਅਕ ਵੀਡੀਓ ਵੀ ਜਾਰੀ ਕੀਤੀਆਂ ਗਈਆਂ, ਜੋ ਦੁੱਧ ਵਿੱਚ ਮਿਲਾਵਟ, ਗੁਣਵੱਤਾ ਅਤੇ ਸੁਰੱਖਿਆ ਨਾਲ ਸਬੰਧਤ ਆਮ ਚੁਣੌਤੀਆਂ ਬਾਰੇ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀਏਯੂ ਕੈਂਪਸ, ਲੁਧਿਆਣਾ ਦੇ 75 ਤੋਂ ਵੱਧ ਵਿਦਿਆਰਥੀਆਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ। ਅਮੂਲ ਅਤੇ ਵੇਰਕਾ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਨਤਕ ਸਿਹਤ ਦੀ ਸੰਭਾਲ ਵਿੱਚ ਦੁੱਧ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਮਹੱਤਤਾ ’ਤੇ ਚਾਨਣਾ ਪਾਇਆ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਨੇ ਆਪਣੇ ਸੰਬੋਧਨ ਦੌਰਾਨ ਖਪਤਕਾਰਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ, ਵਿਗਿਆਨਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਸਾਫ਼-ਸੁਥਰੀਆਂ ਡੇਅਰੀ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।
