ਨਵਾਂਸ਼ਹਿਰ/ਕਾਠਗੜ੍ਹ, 27 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਰੋਪੜ-ਬਲਾਚੌਰ ਨੈਸ਼ਨਲ ਹਾਈਵੇਅ ’ਤੇ ਪਿੰਡ ਮਾਜਰਾ ਜੱਟਾਂ ਦੇ ਕੱਟ ਨੇੜੇ ਸੜਕ ਹਾਦਸਾ ਵਾਪਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਐਫ. ਟੀਮ ਦੇ ਇੰਚਾਰਜ ਏ.ਐਸ.ਆਈ. ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰਾਹਗੀਰ ਤੋਂ ਮਾਜਰਾ ਜੱਟਾਂ ਕੱਟ ’ਤੇ ਹਾਦਸਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ।

ਮੌਕੇ ’ਤੇ ਜਾ ਕੇ ਦੇਖਿਆ ਗਿਆ ਕਿ ਪੀ.ਬੀ. 19ਜੇ 9041 ਨੰਬਰ ਦੀ ਇੱਕ ਕਾਰ, ਜਿਸ ਨੂੰ ਬੜਾ ਪਿੰਡ, ਭਰਤਗੜ੍ਹ ਵਾਸੀ ਸੁੱਚਾ ਸਿੰਘ ਦਾ ਪੁੱਤਰ ਜਗਤਾਰ ਸਿੰਘ ਚਲਾ ਰਿਹਾ ਸੀ, ਰੋਪੜ ਤੋਂ ਬਲਾਚੌਰ ਵੱਲ ਜਾ ਰਹੀ ਸੀ। ਜਦੋਂ ਇਹ ਕਾਰ ਮਾਜਰਾ ਜੱਟਾਂ ਕੱਟ ’ਤੇ ਪਹੁੰਚੀ ਤਾਂ ਸੜਕ ਪਾਰ ਕਰ ਰਹੀ ਪੀ.ਬੀ. 28ਕੇ 1909 ਨੰਬਰ ਦੀ ਸਕੂਟਰੀ ਨਾਲ ਇਸ ਦੀ ਅਚਾਨਕ ਟੱਕਰ ਹੋ ਗਈ। ਸਕੂਟਰੀ ਨੂੰ ਪਟਿਆਲਾ ਵਾਸੀ ਦਰਸ਼ਨ ਸਿੰਘ ਦੀ ਪੁੱਤਰੀ ਜਸਵਿੰਦਰ ਕੌਰ ਚਲਾ ਰਹੀ ਸੀ।

ਇਸ ਟੱਕਰ ਕਾਰਨ ਸਕੂਟਰੀ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਨੈਸ਼ਨਲ ਹਾਈਵੇਅ ਅਥਾਰਟੀ ਦੀ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ, ਰੋਪੜ ਵਿਖੇ ਦਾਖ਼ਲ ਕਰਵਾਇਆ ਗਿਆ। ਹਾਦਸੇ ਵਿੱਚ ਕਾਰ ਅਤੇ ਸਕੂਟਰੀ ਦੋਵੇਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਹਾਦਸੇ ਸਬੰਧੀ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ।