ਪਟਿਆਲਾ, 27 ਨਵੰਬਰ (ਮਨਪ੍ਰੀਤ ਸਿੰਘ):- ਗੈਸ ਏਜੰਸੀ ਵਰਕਰ ਯੂਨੀਅਨ (ਈਐਫਟੂ) ਦੀ ਇੱਕ ਮੀਟਿੰਗ ਅੱਜ ਸੂਬਾਈ ਆਗੂ ਸ੍ਰੀ ਨਾਥ ਪਟਿਆਲਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਨਾਭਾ ਦੀਆਂ ਪ੍ਰੀਤੀ ਗੈਸ ਏਜੰਸੀ ਅਤੇ ਚਰਨ ਗੈਸ ਏਜੰਸੀ ਦੇ ਸਮੂਹ ਵਰਕਰ ਆਪਣੀ ਜਥੇਬੰਦੀ ਦੇ ਝੰਡੇ ਹੇਠ ਇਕੱਠੇ ਹੋਏ। ਮੀਟਿੰਗ ਜ਼ਿਲ੍ਹਾ ਆਗੂਆਂ ਵੱਲੋਂ ਕਰਵਾਈ ਗਈ, ਜਿਨ੍ਹਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ, ਜਨਰਲ ਸਕੱਤਰ ਸੁਰਜੀਤ ਸਿੰਘ ਸੁਨਿਆਰਹੇੜੀ ਅਤੇ ਵਿੱਤ ਸਕੱਤਰ ਅਵਤਾਰ ਸਿੰਘ ਨੰਦਪੁਰ ਕੇਸ਼ੋ ਸ਼ਾਮਲ ਸਨ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਸੁਰਿੰਦਰਾ ਗੈਸ ਸਰਵਿਸ ਵਿਖੇ ਲੰਮੇ ਸਮੇਂ ਤੋਂ ਕੰਮ ਕਰ ਰਹੇ 21 ਵਰਕਰਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਜ਼ਬਾਨੀ ਤੌਰ ’ਤੇ ਜਬਰੀ ਕੰਮ ਤੋਂ ਹਟਾ ਦਿੱਤਾ ਗਿਆ। ਇਸ ਕਾਰਨ ਪਟਿਆਲਾ ਜ਼ਿਲ੍ਹੇ, ਰਾਜਪੁਰਾ ਅਤੇ ਗੋਬਿੰਦਗੜ੍ਹ ਦੇ ਸਮੂਹ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੀਟਿੰਗ ਵਿੱਚ ਕੱਢੇ ਗਏ ਵਰਕਰਾਂ ਨੂੰ ਮੁੜ ਕੰਮ ’ਤੇ ਬਹਾਲ ਕਰਵਾਉਣ ਲਈ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਜਥੇਬੰਦੀ ਨੇ ਸੁਰਿੰਦਰਾ ਗੈਸ ਸਰਵਿਸ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ।
ਮੀਟਿੰਗ ਵਿੱਚ ਨਾਭਾ ਇਲਾਕਾ ਪ੍ਰਧਾਨ ਸਤਗਰ ਸਿੰਘ, ਚਰਨ ਗੈਸ ਏਜੰਸੀ ਦੇ ਪ੍ਰਧਾਨ ਰਘਬੀਰ ਸਿੰਘ ਤੋਂ ਇਲਾਵਾ ਕਰਮਜੀਤ ਸਿੰਘ ਸੰਨੀ, ਸ਼ਾਮੂ, ਹਰਜੀਤ ਸਿੰਘ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਸਾਥੀ ਸ਼ਾਮਲ ਹੋਏ।
