ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵੱਲੋਂ 4,186ਵੇਂ ਮਰੀਜ਼ ਗੁਰਦੀਪ ਕੌਰ, ਵਾਸੀ ਪਿੰਡ ਲੱਲੀਆਂ, ਦੀ ਅੱਖ ਤੋਂ ਪੱਟੀ ਖੋਲ੍ਹੀ ਗਈ। ਇਸ ਤੋਂ ਬਾਅਦ ਰਾਧਾ ਕ੍ਰਿਸ਼ਨ ਮੰਦਰ, ਸੈਲਾ ਖੁਰਦ ਵਿਖੇ ਸ੍ਰੀ ਸੁਰਿੰਦਰ ਅਗਰਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਮੰਜੂ ਅਗਰਵਾਲ ਵੱਲੋਂ ਉਨ੍ਹਾਂ ਦੀ ਅੱਖ ਤੋਂ ਪੱਟੀ ਖੋਲ੍ਹੀ ਗਈ।

ਇਸ ਮੌਕੇ ਬਾਡੀ ਡੋਨੇਸ਼ਨ ਕਮੇਟੀ ਦੇ ਚੇਅਰਮੈਨ ਡਾਕਟਰ ਤਰਸੇਮ ਸਿੰਘ, ਸ੍ਰੀ ਜੇ.ਬੀ. ਬਹਿਲ ਅਤੇ ਸੰਸਥਾ ਦੀ ਗੜ੍ਹਸ਼ੰਕਰ ਬ੍ਰਾਂਚ ਦੇ ਮੈਂਬਰ ਅਤੇ ਅਹੁਦੇਦਾਰ ਮੌਜੂਦ ਸਨ। ਇਨ੍ਹਾਂ ਵਿੱਚ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ, ਕੈਸ਼ੀਅਰ ਰਾਜਨ ਮੱਲਣ, ਸਲਾਹਕਾਰ ਦਲਜੀਤ ਸਿੰਘ ਬੈਂਸ ਅਤੇ ਮੋਟੀਵੇਟਰ ਸ੍ਰੀ ਕ੍ਰਿਸ਼ਨ ਲਾਲ ਸ਼ਾਮਲ ਸਨ। ਰਾਧਾ ਕ੍ਰਿਸ਼ਨ ਮੰਦਰ ਕਮੇਟੀ ਅਤੇ ਜਗਰਾਤਾ ਕਮੇਟੀ ਵੱਲੋਂ ਸ੍ਰੀ ਸੰਜੀਵ ਗੁਪਤਾ ਬੋਬੀ, ਸ੍ਰੀ ਅਸ਼ਵਨੀ ਠਾਕਰ, ਡਾਕਟਰ ਏ.ਐਲ. ਵਧਵਾ, ਹੈਪੀ ਸ਼ਰਮਾ ਅਤੇ ਹੋਰ ਸਾਥੀ ਵੀ ਮੌਜੂਦ ਸਨ।

ਸ੍ਰੀ ਸੰਜੀਵ ਗੁਪਤਾ ਬੋਬੀ ਦੀ ਪ੍ਰੇਰਣਾ ਸਦਕਾ ਸ੍ਰੀ ਸੁਰਿੰਦਰ ਅਗਰਵਾਲ ਦੇ ਪਰਿਵਾਰ ਵੱਲੋਂ ਸੈਲਾ ਖੁਰਦ ਵਿਖੇ ਮਾਤਾ ਜੀ ਦੇ ਜਾਗਰਣ ਮੌਕੇ ਪੰਜ ਲੋੜਵੰਦ ਵਿਅਕਤੀਆਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਦੀ ਸੇਵਾ ਲਈ ਗਈ ਸੀ। ਸ੍ਰੀ ਸੰਜੀਵ ਗੁਪਤਾ ਬੋਬੀ ਅਤੇ ਮਾਤਾ ਰਾਣੀ ਜਗਰਾਤਾ ਕਮੇਟੀ ਵੱਲੋਂ ਵੀ ਛੇ ਲੋਕਾਂ ਦੀਆਂ ਅੱਖਾਂ ਦੀ ਪੁਤਲੀ ਬਦਲਵਾਉਣ ਦੀ ਸੇਵਾ ਲਈ ਗਈ ਸੀ।

ਜਗਰਾਤਾ ਕਮੇਟੀ ਵੱਲੋਂ ਸੰਸਥਾ ਦੇ ਪ੍ਰਧਾਨ ਸ੍ਰੀ ਜੇ.ਬੀ. ਬਹਿਲ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਸ੍ਰੀ ਸੁਰਿੰਦਰ ਅਗਰਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਮੰਜੂ ਅਗਰਵਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਤਰਸੇਮ ਸਿੰਘ ਨੇ ਸੰਸਥਾ ਵੱਲੋਂ ਸਭ ਦਾ ਧੰਨਵਾਦ ਕੀਤਾ।