ਬਲਾਚੌਰ, 29 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਵਣ ਮੰਡਲ ਅਫਸਰ ਨਵਾਂਸ਼ਹਿਰ ਅਤੇ ਵਣ ਰੇਂਜ ਅਫਸਰ ਕਾਠਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਵਣ ਵਿਭਾਗ ਅਤੇ ਥਾਣਾ ਕਾਠਗੜ੍ਹ ਦੀ ਪੁਲਿਸ ਨੇ ਰਾਏਪੁਰ ਸਰਕਾਰੀ ਜੰਗਲ ਵਿੱਚ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਿੰਡ ਨੰਗਲ ਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਮੋਟਰਸਾਈਕਲ ਸਮੇਤ ਖੈਰ ਦੀ ਲੱਕੜ ਦੇ ਤਿੰਨ ਪੀਸ ਵੀ ਬਰਾਮਦ ਕੀਤੇ ਹਨ।
ਵਣ ਰੇਂਜ ਅਫਸਰ ਕਾਠਗੜ੍ਹ ਭੁਪਿੰਦਰ ਸਿੰਘ, ਬਲਾਕ ਅਫਸਰ ਗੁਰਮੋਹਨ ਸਿੰਘ ਅਤੇ ਬਲਾਕ ਅਫਸਰ ਜਗਦੀਪ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕਾਠਗੜ੍ਹ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ 29 ਨਵੰਬਰ 2026 ਨੂੰ ਤੜਕਸਾਰ ਲਗਭਗ ਸਵੇਰੇ 4 ਵਜੇ ਰਾਏਪੁਰ ਸਰਕਾਰੀ ਜੰਗਲ ਦੀ ਗਸ਼ਤ ਦੌਰਾਨ ਬਲਾਕ ਅਫਸਰ ਗੁਰਮੋਹਨ ਸਿੰਘ, ਬਲਾਕ ਅਫਸਰ ਜਗਦੀਪ ਸਿੰਘ ਅਤੇ ਵਣ ਗਾਰਡ ਗੌਤਮ ਸਿੰਘ ਨੇ ਦੇਖਿਆ ਕਿ ਓਂਕਾਰ ਸਿੰਘ ਪੁੱਤਰ ਚਮਨ ਲਾਲ ਅਤੇ ਰਾਕੇਸ਼ ਕੁਮਾਰ ਪੁੱਤਰ ਗੁਰਮੇਲ ਸਿੰਘ, ਵਾਸੀ ਪਿੰਡ ਨੰਗਲ, ਖੈਰ ਦੀ ਲੱਕੜ ਦੇ ਤਿੰਨ ਪੀਸ ਮੋਟਰਸਾਈਕਲ ਨੰਬਰ PB 20 E 3381 'ਤੇ ਲੱਦ ਕੇ ਲੈ ਕੇ ਜਾ ਰਹੇ ਸਨ।
ਜਦੋਂ ਵਣ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਉਹ ਰਸਤੇ ਵਿੱਚ ਡਿੱਗ ਗਏ ਅਤੇ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਰਾਏਪੁਰ ਸਰਕਾਰੀ ਜੰਗਲ ਵਿੱਚੋਂ ਖੈਰ ਦੇ ਦਰੱਖਤ ਕੱਟੇ ਗਏ ਹਨ।
ਮੁਲਜ਼ਮਾਂ ਨੂੰ ਮੋਟਰਸਾਈਕਲ ਅਤੇ ਬਰਾਮਦ ਲੱਕੜ ਸਮੇਤ ਥਾਣਾ ਕਾਠਗੜ੍ਹ ਲਿਆਂਦਾ ਗਿਆ ਅਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਏਐਸਆਈ ਧਰਮ ਚੰਦ ਨੂੰ ਸੌਂਪ ਦਿੱਤੀ ਹੈ, ਜੋ ਮੁਲਜ਼ਮਾਂ ਤੋਂ ਪਹਿਲਾਂ ਕੀਤੀ ਗਈ ਕਟਾਈ ਅਤੇ ਹੋਰ ਸਬੰਧਾਂ ਬਾਰੇ ਪੁੱਛਗਿੱਛ ਕਰ ਰਹੇ ਹਨ।
ਇਸ ਮੌਕੇ ਵਣ ਵਿਭਾਗ ਦੇ ਵਣ ਗਾਰਡ ਗੌਤਮ ਸਿੰਘ, ਵਣ ਗਾਰਡ ਗੁਰਪ੍ਰੀਤ ਸਿੰਘ ਅਤੇ ਵਣ ਗਾਰਡ ਧਰਮਪ੍ਰੀਤ ਸਿੰਘ ਵੀ ਹਾਜ਼ਰ ਸਨ। ਵਣ ਵਿਭਾਗ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਕਰਨ ਵਾਲਿਆਂ ਵਿਰੁੱਧ ਇਹ ਕਾਰਵਾਈ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
