ਨਵਾਂਸ਼ਹਿਰ/ਕਾਠਗੜ੍ਹ, 29 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਪਿਛਲੇ ਦਿਨੀਂ ਪਿੰਡ ਰੈਲਮਾਜਰਾ ਵਿੱਚ ਖੇਡ ਮੈਦਾਨ ਦੇ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਪਿੰਡ ਵਾਸੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਖੇਡ ਮੈਦਾਨ ਲਈ ਆਈ ਪੂਰੀ ਸਰਕਾਰੀ ਗ੍ਰਾਂਟ ਖਰਚ ਨਹੀਂ ਕੀਤੀ ਗਈ। ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਵੱਲੋਂ ਪਿੰਡ ਦੀ 11 ਮੈਂਬਰੀ ਕਮੇਟੀ ਬਣਾਈ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਪਿੰਡ ਵਾਸੀਆਂ ਨੂੰ ਜਵਾਬ ਦੇਣ ਲਈ ਕਿਹਾ ਗਿਆ ਕਿ ਖੇਡ ਮੈਦਾਨ ਲਈ ਸਰਕਾਰ ਵੱਲੋਂ ਭੇਜੀ ਗਈ ਪੂਰੀ ਗ੍ਰਾਂਟ ਕਿਉਂ ਨਹੀਂ ਲਗਾਈ ਗਈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ। ਪਰ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਹਲਕਾ ਵਿਧਾਇਕਾ ਨੇ ਆਪਣੀ ਚੁੱਪੀ ਤੋੜੀ ਹੈ। ਇਸ ਕਾਰਨ ਹੁਣ ਮਿਤੀ 1 ਦਸੰਬਰ 2026, ਦਿਨ ਮੰਗਲਵਾਰ ਨੂੰ ਵਿਧਾਇਕਾ ਸੰਤੋਸ਼ ਕਟਾਰੀਆ ਦੇ ਘਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ।