ਉਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਲਈ ਤਿਆਰ ਹੋ ਰਹੀ ਹੈ ਕ੍ਰਤਿਕਾ
ਪਟਿਆਲਾ, 21 ਅਗਸਤ:- ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਮੈਨੇਜਮੈਂਟ ਅਤੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੇ ਸਹਿਯੋਗ ਅਤੇ ਸਮਰਥਨ ਨਾਲ ਉਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਲਈ ਯਤਨ ਕਰ ਰਹੀ ਕ੍ਰਤਿਕਾ ਇੱਕ ਚੰਗੀ ਵਿਦਿਆਰਥਣ ਹੋਣ ਦੇ ਨਾਲ-ਨਾਲ ਪੱਕੇ ਇਰਾਦੇ ਵਾਲੀ ਅਤੇ ਸਖ਼ਤ ਮਿਹਨਤੀ ਖਿਡਾਰਨ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ਦੀਆਂ ਉਮੀਦਾਂ ਲੈ ਕੇ ਉਹ ਹਰ ਰੋਜ਼ ਸਕੂਲ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਦੁਪਹਿਰ ਸਮੇਂ ਪਟਿਆਲਾ ਤੋਂ ਘਨੌਰ ਜਾ ਕੇ ਰੇਸਲਿੰਗ ਦੀ ਟ੍ਰੇਨਿੰਗ ਲੈ ਰਹੀ ਹੈ।
ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਦੱਸਿਆ ਕਿ ਕ੍ਰਤਿਕਾ ਅਤੇ ਅਨੇਕਾਂ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੇ ਸਾਲ 2021 ਵਿੱਚ ਰੇਸਲਿੰਗ ਸ਼ੁਰੂ ਕੀਤੀ। ਸਕੂਲ ਦੇ ਅਨੇਕਾਂ ਵਿਦਿਆਰਥੀ ਰਾਜ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਹਨ।
ਕ੍ਰਤਿਕਾ ਨੇ 2022-23 ਦੀਆਂ ਸਕੂਲ ਡਿਸਟ੍ਰਿਕਟ ਖੇਡਾਂ ਵਿੱਚ ਗੋਲਡ ਮੈਡਲ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਡਿਸਟ੍ਰਿਕਟ ਪੱਧਰ ’ਤੇ ਗੋਲਡ ਮੈਡਲ ਅਤੇ ਰਾਜ ਪੱਧਰ ’ਤੇ ਬ੍ਰਾਂਜ਼ ਮੈਡਲ ਜਿੱਤਿਆ। ਸਕੂਲ ਵੱਲੋਂ ਕ੍ਰਤਿਕਾ ਅਤੇ ਉਸ ਦੇ ਮਾਤਾ-ਪਿਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਉਸ ਦੀ ਮਾਤਾ ਜੀ ਘਰੇਲੂ ਇਸਤਰੀ ਹਨ, ਜਦਕਿ ਪਿਤਾ ਜੀ ਫਰਨੀਚਰ ਦੀ ਮੁਰੰਮਤ ਦਾ ਕੰਮ ਕਰਦੇ ਹਨ। ਬੱਚੀ ਨੂੰ ਚੰਗੀ ਖੁਰਾਕ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਕੂਲ ਵੱਲੋਂ ਹਰ ਮਹੀਨੇ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ।
ਸਾਲ 2022 ਵਿੱਚ ਫੈਡਰੇਸ਼ਨ ਵੱਲੋਂ ਕਰਵਾਏ ਗਏ ਜੂਨੀਅਰ ਮੁਕਾਬਲਿਆਂ ਵਿੱਚ ਉਸ ਨੇ ਸਟੇਟ ਪੱਧਰ ’ਤੇ ਬ੍ਰਾਂਜ਼ ਮੈਡਲ ਜਿੱਤਿਆ। ਸਾਲ 2024 ਅਤੇ 2025 ਵਿੱਚ ਸਕੂਲ ਡਿਸਟ੍ਰਿਕਟ ਪੱਧਰ ’ਤੇ ਗੋਲਡ ਮੈਡਲ ਅਤੇ ਸਟੇਟ ਪੱਧਰ ’ਤੇ ਸਿਲਵਰ ਮੈਡਲ ਜਿੱਤਿਆ। ਇਸ ਤੋਂ ਇਲਾਵਾ ਓਪਨ ਨੈਸ਼ਨਲ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ।
ਹੁਣ ਕ੍ਰਤਿਕਾ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਥਾਈਲੈਂਡ ਵਿੱਚ ਗੋਲਡ ਮੈਡਲ ਜਿੱਤਣ ਦੀ ਤਿਆਰੀ ਕਰ ਰਹੀ ਹੈ। ਉਸ ਦਾ ਵਿਸ਼ਵਾਸ ਹੈ ਕਿ ਪ੍ਰਮਾਤਮਾ ਦੀ ਕਿਰਪਾ ਸਦਕਾ ਅਤੇ ਸਕੂਲ ਦੇ ਸਹਿਯੋਗ ਨਾਲ ਉਹ ਵੱਡੀ ਹੋ ਕੇ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਉਲੰਪਿਕ ਖੇਡਾਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਕੇ ਭਾਰਤ ਮਾਤਾ ਦੀ ਗੋਦ ਵਿੱਚ ਗੋਲਡ ਮੈਡਲ ਜ਼ਰੂਰ ਪਾਵੇਗੀ। ਇਸ ਦੇ ਨਾਲ ਹੀ ਉਹ ਆਪਣੇ ਮਾਪਿਆਂ ਲਈ ਖੁਸ਼ੀਆਂ ਲਿਆਉਣ ਅਤੇ ਪੰਜਾਬ ਪੁਲਿਸ ਜਾਂ ਆਰਮੀ ਵਿੱਚ ਜਾ ਕੇ ਆਪਣੇ ਪਰਿਵਾਰ ਦਾ ਆਰਥਿਕ ਅਤੇ ਸਮਾਜਿਕ ਮਾਣ ਵਧਾਉਣ ਲਈ ਵੀ ਯਤਨ ਕਰੇਗੀ।
