ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਐਂਟੀਰੈਗਿੰਗ ਜਾਗਰੂਕਤਾ ਹਫ਼ਤਾ ਮਨਾਇਆ ਗਿਆ
ਫ਼ਰੀਦਕੋਟ:- ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਐਂਟੀ-ਰੈਗਿੰਗ ਜਾਗਰੂਕਤਾ ਹਫ਼ਤਾ ਕਾਲਜ ਦੇ ਪ੍ਰਿੰਸੀਪਲ ਡਾ. ਸੀਮਾ ਭੱਟੀ ਦੀ ਅਗਵਾਈ ਹੇਠ ਕਰਵਾਇਆ ਗਿਆ। ਡਾ. ਗਿਰੀਸ਼ ਸਾਹਨੀ, ਰਜਿਸਟਰਾਰ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਡਾ. ਰਾਜ ਕੁਮਾਰ, ਮੁਖੀ, ਫਾਰਮਾਕੋਲੋਜੀ ਵਿਭਾਗ ਨੇ ਪ੍ਰੋਗਰਾਮ ਦੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ। ਪ੍ਰੋਗਰਾਮ ਵਿੱਚ ਡਾ ਰੋਹਿਤ ਚੋਪੜਾ, ਅਡੀਸ਼ਨਲ ਰਜਿਸਰਾਰ, ਡਾ ਗੁਰਸ਼ਰਨ ਸਿੰਘ ਢੀਡਸਾ ਅਤੇ ਕਾਲਜ ਦੇ ਫੈਕਲਟੀ ਮੈਂਬਰਾਂ ਵਲੋਂ ਸ਼ਿਰਕਤ ਕੀਤੀ ਗਈ।
ਇਸ ਹਫ਼ਤੇ ਭਰ ਚੱਲੇ ਜਾਗਰੂਕਤਾ ਪ੍ਰੋਗਰਾਮ ਦਾ ਥੀਮ “ਰੈਗਿੰਗ ਦੇ ਵਿਰੁੱਧ ਇਕਜੁੱਟ • ਸੁਰੱਖਿਅਤ ਕੈਂਪਸ • ਸਭ ਲਈ ਸਨਮਾਨ” ਰਿਹਾ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਰੈਗਿੰਗ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਕਾਲਜ ਕੈਂਪਸ ਵਿੱਚ ਸੁਰੱਖਿਅਤ, ਸਨਮਾਨਜਨਕ ਅਤੇ ਸੁਖਾਵਾਂ ਮਾਹੌਲ ਨੂੰ ਉਤਸ਼ਾਹਿਤ ਕਰਨਾ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਐਮ.ਬੀ.ਬੀ.ਐਸ. ਪਹਿਲੇ ਪ੍ਰੋਫੈਸ਼ਨਲ ਦੇ ਵਿਦਿਆਰਥੀਆਂ ਲਈ ਐਂਟੀ-ਰੈਗਿੰਗ ਸਹੁੰ ਚੁੱਕ ਸਮਾਗਮ ਨਾਲ ਹੋਈ। ਇਸ ਤੋਂ ਬਾਅਦ ਐਮ.ਬੀ.ਬੀ.ਐਸ. ਫਾਈਨਲ ਪ੍ਰੋਫੈਸ਼ਨਲ ਦੇ ਵਿਦਿਆਰਥੀਆਂ ਲਈ ਐਂਟੀ-ਰੈਗਿੰਗ ਜਾਗਰੂਕਤਾ ਸਬੰਧੀ ਲਘੂ ਫ਼ਿਲਮ ਦਿਖਾਈ ਗਈ। ਇਸ ਤੋਂ ਇਲਾਵਾ ਪੋਸਟਰ ਮੁਕਾਬਲਾ ਅਤੇ ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਰਚਨਾਤਮਕ ਪੋਸਟਰਾਂ ਰਾਹੀਂ ਰੈਗਿੰਗ ਦੇ ਵਿਰੁੱਧ ਆਪਣੇ ਵਿਚਾਰ ਪ੍ਰਗਟ ਕੀਤੇ। ਹਫ਼ਤੇ ਦੀ ਸਮਾਪਤੀ ਵਾਲੀਡਿਕਟਰੀ ਸਮਾਗਮ ਅਤੇ ਸਰਟੀਫਿਕੇਟ ਵੰਡ ਸਮਾਰੋਹ ਨਾਲ ਹੋਈ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਗਿਰੀਸ਼ ਸਾਹਨੀ, ਰਜਿਸਟਰਾਰ, ਬੀ.ਐੱਫ.ਯੂ.ਐੱਚ.ਐੱਸ. ਨੇ ਐਂਟੀ-ਰੈਗਿੰਗ ਜਾਗਰੂਕਤਾ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਰੈਗਿੰਗ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੇਸ਼ੇਵਰਾਨਾ ਵਿਵਹਾਰ, ਹਮਦਰਦੀ ਅਤੇ ਆਪਸੀ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।
ਡਾ. ਸੀਮਾ ਭੱਟੀ, ਪ੍ਰਿੰਸੀਪਲ, ਜੀ.ਜੀ.ਐੱਸ. ਮੈਡੀਕਲ ਕਾਲਜ, ਫਰੀਦਕੋਟ ਨੇ ਕਾਲਜ ਦੀ ਰੈਗਿੰਗ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਸੁਰੱਖਿਅਤ, ਸਹਿਯੋਗੀ ਅਤੇ ਸਨਮਾਨਜਨਕ ਸਿੱਖਣ ਦਾ ਮਾਹੌਲ ਪ੍ਰਦਾਨ ਕਰਨਾ ਕਾਲਜ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ।
ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਰਾਜ ਕੁਮਾਰ ਨੇ ਕਿਹਾ ਕਿ ਇਸ ਹਫ਼ਤੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਰੈਗਿੰਗ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਰੈਗਿੰਗ-ਮੁਕਤ ਕੈਂਪਸ ਲਈ ਸਾਂਝੇ ਤੌਰ ’ਤੇ ਯਤਨ ਕਰਨ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਦਿੱਤੇ ਸਰਗਰਮ ਸਹਿਯੋਗ ਲਈ ਧੰਨਵਾਦ ਕੀਤਾ।
