ਕੇ ਮਕਰੰਦ ਪਾਂਡੁਰੰਗ ਬਣੇ ਚਰਖੀ ਦਾਦਰੀ ਜ਼ਿਲ੍ਹੇ ਦੇ ਇੰਚਾਰਜ ਅਧਿਕਾਰੀ
ਚੰਡੀਗੜ੍ਹ, 10 ਸਤੰਬਰ:- ਹਰਿਆਣਾ ਸਰਕਾਰ ਨੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਅਤੇ ਖਾਨ ਅਤੇ ਭੂ-ਵਿਗਿਆਨ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਅਤੇ ਪੰਚਕੂਲਾ ਮਹਾਂਨਗਰ ਵਿਕਾਸ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ. ਮਕਰੰਦ ਪਾਂਡੁਰੰਗ ਨੂੰ ਉਨ੍ਹਾਂ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਤੋਂ ਇਲਾਵਾ ਚਰਖੀ ਦਾਦਰੀ ਜ਼ਿਲ੍ਹੇ ਦਾ ਇੰਚਾਰਜ ਅਧਿਕਾਰੀ ਨਿਯੁਕਤ ਕੀਤਾ ਹੈ।
ਇਸ ਸਬੰਧ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
ਸੋਧੇ ਹੋਏ ਫੀਡਬੈਕ ਪ੍ਰਬੰਧ ਅਨੁਸਾਰ, ਸ੍ਰੀ ਕੇ. ਮਕਰੰਦ ਪਾਂਡੁਰੰਗ ਹਰ ਤਿਮਾਹੀ ਮਾਨੀਟਰਿੰਗ ਐਂਡ ਕੋਆਡੀਨੇਸ਼ਨ ਸੈਲ ਨੂੰ ਫੀਡਬੈਕ ਪੇਸ਼ ਕਰਨਗੇ। ਇਸ ਵਿੱਚ 25 ਕਰੋੜ ਰੁਪਏ ਜਾਂ ਇਸ ਤੋਂ ਵੱਧ ਲਾਗਤ ਵਾਲੇ ਪ੍ਰੋਜੈਕਟਾਂ, ਅਪਰਾਧ ਦੀ ਸਮੁੱਚੀ ਸਥਿਤੀ ਅਤੇ ਗੰਭੀਰ ਅਪਰਾਧਾਂ ਦੀਆਂ ਘਟਨਾਵਾਂ, ਵਿਜੀਲੈਂਸ ਮਾਮਲਿਆਂ, ਰਾਈਟ ਟੂ ਸਰਵਿਸ ਐਕਟ ਤਹਿਤ ਸੇਵਾ ਵੰਡ ਪ੍ਰਬੰਧ ਦੀ ਪ੍ਰਭਾਵਸ਼ੀਲਤਾ ਅਤੇ ਸਿਹਤ, ਸਿੱਖਿਆ ਤੇ ਸਮਾਜਿਕ ਖੇਤਰਾਂ ਦੇ ਕੰਮਕਾਜ ਦੀ ਸਮੀਖਿਆ ਸ਼ਾਮਲ ਹੋਵੇਗੀ।
ਉਹ ਟੈਕਸਾਂ, ਜੀ.ਐਸ.ਟੀ. ਅਤੇ ਹੋਰ ਸਬੰਧਤ ਮਾਮਲਿਆਂ ਦੇ ਸਬੰਧ ਵਿੱਚ ਡੀ.ਈ.ਟੀ.ਸੀ. ਦੇ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਦੀ ਵੀ ਸਮੀਖਿਆ ਕਰਨਗੇ। ਇਸ ਤੋਂ ਇਲਾਵਾ, ਉਹ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਦੀ ਮੌਜੂਦਗੀ ਵਿੱਚ ਵਿਧਾਇਕਾਂ ਅਤੇ ਹੋਰ ਜਨਤਕ ਪ੍ਰਤੀਨਿਧੀਆਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਸਿਹਤ ਜਾਂ ਸਿੱਖਿਆ ਵਿਭਾਗ ਨਾਲ ਸਬੰਧਤ ਕਿਸੇ ਇੱਕ ਮਹੱਤਵਪੂਰਨ ਸਥਾਨ ਦਾ ਦੌਰਾ ਵੀ ਕਰ ਸਕਦੇ ਹਨ।
