ਘਰ ਦੀ ਬਗੀਚੀ ਬਣੇਗੀ ਪਰਿਵਾਰ ਦੀ ਤੰਦਰੁਸਤੀ ਦਾ ਆਧਾਰ ਡਾ ਗਰਗ

ਸੰਗਰੂਰ:- “ਆਪਣੇ ਘਰ ਵਿੱਚ ਉਗਾਈ ਸਬਜ਼ੀ ਸਿਰਫ਼ ਤਾਜ਼ਗੀ ਹੀ ਨਹੀਂ ਦਿੰਦੀ, ਸਗੋਂ ਪਰਿਵਾਰ ਦੀ ਸਿਹਤ, ਪੌਸ਼ਟਿਕਤਾ ਅਤੇ ਖੁਰਾਕੀ ਸੁਰੱਖਿਆ ਨੂੰ ਵੀ ਮਜ਼ਬੂਤ ਕਰਦੀ ਹੈ।” ਇਹ ਵਿਚਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਪਿੰਡ ਘਨੌਰ ਕਲਾਂ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਇਸ ਵਿਸ਼ੇਸ਼ ਪਸਾਰ ਗਤੀਵਿਧੀ ਦੌਰਾਨ ਘਰੇਲੂ ਬਗੀਚੀ ਵਿੱਚ ਸਰਦੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ 30 ਪ੍ਰਦਰਸ਼ਨੀਆਂ ਸਥਾਪਿਤ ਕੀਤੀਆਂ ਗਈਆਂ। ਇਨ੍ਹਾਂ ਪ੍ਰਦਰਸ਼ਨੀਆਂ ਰਾਹੀਂ ਕਿਸਾਨਾਂ ਨੂੰ ਸਬਜ਼ੀਆਂ ਦੀ ਚੋਣ, ਬਿਜਾਈ ਦੇ ਢੁਕਵੇਂ ਸਮੇਂ, ਖਾਦਾਂ ਦੀ ਸੁਚੱਜੀ ਵਰਤੋਂ, ਸਿੰਚਾਈ ਅਤੇ ਬਗੀਚੀ ਦੀ ਸੰਭਾਲ ਸਬੰਧੀ ਵਿਹਾਰਕ ਅਤੇ ਵਿਗਿਆਨਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ-ਨਾਲ ਝੋਨੇ ਵਿੱਚ ਸੰਤੁਲਿਤ ਖੁਰਾਕੀ ਤੱਤਾਂ ਦੇ ਪ੍ਰਬੰਧਨ ਅਤੇ ਫੋਕ ਘਟਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ।
 ਡਾ. ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਘਰੇਲੂ ਬਗੀਚੀ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਘਰ ਦੇ ਆਲੇ-ਦੁਆਲੇ ਥੋੜ੍ਹੀ ਜਿਹੀ ਥਾਂ ਦੀ ਸਹੀ ਵਰਤੋਂ ਕਰਕੇ ਪਰਿਵਾਰ ਦੀ ਰੋਜ਼ਾਨਾ ਲੋੜ ਅਨੁਸਾਰ ਕਈ ਕਿਸਮਾਂ ਦੀਆਂ ਤਾਜ਼ੀਆਂ ਸਬਜ਼ੀਆਂ ਆਸਾਨੀ ਨਾਲ ਪੈਦਾ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਘਰੇਲੂ ਬਗੀਚੀ ਰਾਹੀਂ ਪਰਿਵਾਰ ਨੂੰ ਤਾਜ਼ੀਆਂ, ਸਾਫ਼-ਸੁਥਰੀਆਂ ਅਤੇ ਪੌਸ਼ਟਿਕ ਸਬਜ਼ੀਆਂ ਲਗਾਤਾਰ ਮਿਲ ਸਕਦੀਆਂ ਹਨ ਅਤੇ ਬਾਜ਼ਾਰ ਤੋਂ ਸਬਜ਼ੀਆਂ ਖਰੀਦਣ ’ਤੇ ਹੋਣ ਵਾਲੇ ਖਰਚੇ ਵਿੱਚ ਵੀ ਕਮੀ ਆ ਸਕਦੀ ਹੈ। ਖੇਤਾਂ ਵਿੱਚ ਟਿਊਬਵੈੱਲਾਂ ਦੇ ਨੇੜੇ ਜਾਂ ਹੋਰ ਢੁਕਵੀਆਂ ਥਾਵਾਂ ’ਤੇ ਵੀ ਘਰੇਲੂ ਲੋੜ ਅਨੁਸਾਰ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
 ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨਾ ਸਰਦੀ ਰੁੱਤ ਦੀਆਂ ਕਈ ਮਹੱਤਵਪੂਰਨ ਸਬਜ਼ੀਆਂ ਦੀ ਬਿਜਾਈ ਲਈ ਢੁਕਵਾਂ ਸਮਾਂ ਹੈ। ਬਰੋਕਲੀ, ਮਟਰ, ਮੂਲੀ, ਗਾਜਰ, ਸ਼ਲਗਮ ਅਤੇ ਵੱਖ-ਵੱਖ ਪੱਤੇਦਾਰ ਸਬਜ਼ੀਆਂ ਦੀ ਸਮੇਂ ਸਿਰ ਬਿਜਾਈ ਕਰਨ ਨਾਲ ਵਧੀਆ ਪੈਦਾਵਾਰ ਲਈ ਅਨੁਕੂਲ ਹਾਲਾਤ ਪੈਦਾ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਜਾਈ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਚੋਣ, ਢੁਕਵਾਂ ਬਿਜਾਈ ਸਮਾਂ ਅਤੇ ਸਿਹਤਮੰਦ ਬੀਜ ਦੀ ਵਰਤੋਂ ਸਬਜ਼ੀਆਂ ਦੀ ਸਫ਼ਲ ਕਾਸ਼ਤ ਦੇ ਮੁੱਖ ਆਧਾਰ ਹਨ। ਇਸ ਦੇ ਨਾਲ ਹੀ ਮਿੱਟੀ ਦੀ ਉਪਜਾਊ ਸ਼ਕਤੀ ਅਨੁਸਾਰ ਖਾਦਾਂ ਦੀ ਵਰਤੋਂ ਅਤੇ ਪਾਣੀ ਦੀ ਲੋੜ ਅਨੁਸਾਰ ਸਿੰਚਾਈ ਕਰਨ ਨਾਲ ਸਰੋਤਾਂ ਦੀ ਬੱਚਤ ਦੇ ਨਾਲ ਵਧੀਆ ਉਤਪਾਦਨ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਵਿੱਚ ਫੋਕ ਘਟਾਉਣ ਅਤੇ ਦਾਣਿਆਂ ਦੇ ਭਰਨ ਨੂੰ ਸੁਧਾਰਨ ਲਈ ਗੋਭ ਦੇ ਪੜਾਅ ’ਤੇ 1.5 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ ਪੱਤਿਆਂ ’ਤੇ ਛਿੜਕਾਅ ਕਰਨ ਦੀ ਸਿਫਾਰਸ਼ ਹੈ। ਇਸ ਲਈ 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ। 
ਕਿਸਾਨ ਮੇਲਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਦੀ ਅਪੀਲ
ਇਸ ਮੌਕੇ ਡਾ. ਗਰਗ ਨੇ ਕਿਸਾਨਾਂ ਨੂੰ ਸਤੰਬਰ 2026 ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ, ਸੁਧਰੀਆਂ ਕਿਸਮਾਂ, ਖੇਤੀ ਮਸ਼ੀਨਰੀ ਅਤੇ ਯੂਨੀਵਰਸਿਟੀ ਦੀਆਂ ਨਵੀਨਤਮ ਸਿਫਾਰਸ਼ਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨਕ ਖੇਤੀ ਅਤੇ ਘਰੇਲੂ ਪੱਧਰ ’ਤੇ ਸਬਜ਼ੀਆਂ ਦੀ ਕਾਸ਼ਤ—ਦੋਵੇਂ ਹੀ ਪਰਿਵਾਰਕ ਆਮਦਨ, ਪੋਸ਼ਣ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਲਈ ਮਹੱਤਵਪੂਰਨ ਕਦਮ ਹਨ। ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਅਪਣਾਉਂਦਿਆਂ ਖੇਤੀ ਵਿੱਚ ਨਵੀਆਂ ਅਤੇ ਵਿਗਿਆਨਕ ਤਕਨੀਕਾਂ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ ਗਿਆ।
 ਪ੍ਰਦਰਸ਼ਨੀਆਂ ਦੇ ਸਫ਼ਲ ਆਯੋਜਨ ਵਿੱਚ ਪਿੰਡ ਦੇ ਸ. ਅਮਰੀਕ ਸਿੰਘ, ਸ. ਗੁਰਤੇਜ ਸਿੰਘ, ਸ. ਮੁਖਤਿਆਰ ਸਿੰਘ ਅਤੇ ਸ. ਬਲਵਿੰਦਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।