ਐਸਜੀਐਸਟੀ ਇੱਕਠਾ ਵਿੱਚ ਹਰਿਆਣਾ ਨੇ ਦੇਸ਼ ਭਰ ਵਿੱਚ ਦਰਜ ਕੀਤਾ ਸਭ ਤੋਂ ਵੱਧ ਵਾਧਾ

ਚੰਡੀਗੜ੍ਹ, 2 ਸਤੰਬਰ:- ਹਰਿਆਣਾ ਨੇ ਚਾਲੂ ਵਿੱਤ ਸਾਲ 2026-27 ਦੇ ਪਹਿਲੇ ਪੰਜ ਮਹੀਨਿਆਂ ਵਿੱਚ ਰਾਜ ਜੀ.ਐਸ.ਟੀ. (ਐਸ.ਜੀ.ਐਸ.ਟੀ.) ਕੁਲੈਕਸ਼ਨ ਵਿੱਚ 29 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜੋ ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਹੈ। ਇਸ ਮਿਆਦ ਦੌਰਾਨ ਸੂਬੇ ਦਾ ਐਸ.ਜੀ.ਐਸ.ਟੀ. ਕੁਲੈਕਸ਼ਨ 24,662 ਕਰੋੜ ਰੁਪਏ ਰਿਹਾ, ਜਦਕਿ ਪਿਛਲੇ ਵਿੱਤ ਸਾਲ ਦੀ ਇਸੇ ਮਿਆਦ ਵਿੱਚ ਇਹ 19,174 ਕਰੋੜ ਰੁਪਏ ਸੀ। ਰਾਜ ਦਾ ਇਹ ਵਾਧਾ ਰਾਸ਼ਟਰੀ ਔਸਤ ਵਿਕਾਸ ਦਰ 16 ਫੀਸਦੀ ਨਾਲੋਂ ਲਗਭਗ ਦੁਗਣਾ ਹੈ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਗਸਤ 2026 ਵਿੱਚ ਵੀ ਹਰਿਆਣਾ ਨੇ ਐਸ.ਜੀ.ਐਸ.ਟੀ. ਕੁਲੈਕਸ਼ਨ ਵਿੱਚ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਇਸ ਮਹੀਨੇ ਰਾਜ ਨੂੰ ਐਸ.ਜੀ.ਐਸ.ਟੀ. (ਸਮਾਯੋਜਨ ਤੋਂ ਬਾਅਦ) ਤੋਂ 4,982 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜਦਕਿ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਇਹ ਕੁਲੈਕਸ਼ਨ 4,119 ਕਰੋੜ ਰੁਪਏ ਸੀ। ਇਸ ਤਰ੍ਹਾਂ ਅਗਸਤ 2026 ਵਿੱਚ ਐਸ.ਜੀ.ਐਸ.ਟੀ. ਕੁਲੈਕਸ਼ਨ ਵਿੱਚ 21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਰਾਸ਼ਟਰੀ ਔਸਤ ਵਿਕਾਸ ਦਰ 13 ਫੀਸਦੀ ਤੋਂ ਵੱਧ ਹੈ।
ਬੁਲਾਰੇ ਨੇ ਦੱਸਿਆ ਕਿ ਹਰਿਆਣਾ ਵਿੱਚ ਮੌਜੂਦਾ ਸਮੇਂ ਵਿੱਚ ਕੁੱਲ 6.63 ਲੱਖ ਜੀ.ਐਸ.ਟੀ. ਟੈਕਸਦਾਤੇ ਹਨ। ਇਹ ਗਿਣਤੀ ਦੇਸ਼ ਦੇ ਕੁੱਲ ਜੀ.ਐਸ.ਟੀ. ਟੈਕਸਦਾਤਿਆਂ ਦੀ 4 ਫੀਸਦੀ ਤੋਂ ਵੀ ਘੱਟ ਹੈ। ਇਸ ਦੇ ਬਾਵਜੂਦ ਦੇਸ਼ ਦੇ ਕੁੱਲ ਜੀ.ਐਸ.ਟੀ. ਕੁਲੈਕਸ਼ਨ (ਐਸ.ਜੀ.ਐਸ.ਟੀ.+ਸੀ.ਜੀ.ਐਸ.ਟੀ.+ਆਈ.ਜੀ.ਐਸ.ਟੀ.) ਵਿੱਚ ਹਰਿਆਣਾ ਦਾ ਯੋਗਦਾਨ ਲਗਭਗ 7.7 ਫੀਸਦੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ ਵੈਟ/ਸੀ.ਐਸ.ਟੀ. ਕੁਲੈਕਸ਼ਨ ਵਿੱਚ ਵੀ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ। ਵਿੱਤ ਸਾਲ 2026-27 ਦੇ ਪਹਿਲੇ ਪੰਜ ਮਹੀਨਿਆਂ ਵਿੱਚ ਵੈਟ/ਸੀ.ਐਸ.ਟੀ. ਤੋਂ 5,768 ਕਰੋੜ ਰੁਪਏ ਦਾ ਕੁਲੈਕਸ਼ਨ ਹੋਇਆ ਹੈ, ਜਦਕਿ ਪਿਛਲੇ ਸਾਲ ਇਸੇ ਮਿਆਦ ਵਿੱਚ ਇਹ 5,067 ਕਰੋੜ ਰੁਪਏ ਸੀ। ਇਸ ਤਰ੍ਹਾਂ ਵੈਟ/ਸੀ.ਐਸ.ਟੀ. ਕੁਲੈਕਸ਼ਨ ਵਿੱਚ 13.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।