ਗੁਰੁਗ੍ਰਾਮ ਹਿੱਟ ਐਂਡ ਰਨ ਮਾਮਲੇ ਦਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫ਼ਤਾਰ ਕਤਲ ਦੀ ਕੋਸ਼ਿਸ਼ ਦਾ ਚੱਲੇਗਾ ਕੇਸ
ਗੁਰੁਗ੍ਰਾਮ:- ਮਹਿਲਾ ਸਪੋਰਟਸ ਬਾਈਕ ਸਵਾਰ ਨੂੰ ਟੱਕਰ ਮਾਰਨ ਦੇ ਦੋਸ਼ੀ ਕਾਰ ਡਰਾਈਵਰ ਕਲਿਆਣ ਬੈਂਸਲਾ ਨੇ ਮੰਗਲਵਾਰ ਨੂੰ ਰਾਜਸਥਾਨ ਵਿੱਚ ਰਾਜਗੜ੍ਹ-ਦੌਸਾ ਰੋਡ ਤੋਂ ਫੜੇ ਜਾਣ ਸਮੇਂ ਪਿਸ਼ਾਬ ਕਰਨ ਦੇ ਬਹਾਨੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਇਸ ਕੋਸ਼ਿਸ਼ ਦੌਰਾਨ ਡਿੱਗਣ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸ ਨੂੰ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ।
ਘਟਨਾ ਵਿੱਚ ਵਰਤੀ ਗਈ ਕਾਰ, ਜੋ ਕਿ ਦੋਸ਼ੀ ਦੇ ਇੱਕ ਜਾਣਕਾਰ ਦੇ ਨਾਂ 'ਤੇ ਰਜਿਸਟਰਡ ਹੈ, ਮੁਲਜ਼ ਦੇ ਕਬਜ਼ੇ ਵਿੱਚੋਂ ਬਰਾਮਦ ਕਰ ਲਈ ਗਈ ਹੈ। ਪੁਲੀਸ ਨੇ ਬੈਂਸਲਾ ਦੇ ਇੱਕ ਦੋਸਤ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਸ ਦੀ ਪਛਾਣ ਲਵਨੀਸ਼ ਵਜੋਂ ਹੋਈ ਹੈ, ਜੋ ਘਟਨਾ ਸਮੇਂ ਬੈਂਸਲਾ ਦੇ ਨਾਲ ਸੀ। ਉਹ ਬੈਂਸਲਾ ਦਾ ਦੂਰ ਦਾ ਚਚੇਰਾ ਭਰਾ ਹੈ ਅਤੇ ਪੁਲੀਸ ਪੂਰੀ ਘਟਨਾ ਵਿੱਚ ਲਵਨੀਸ਼ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਪੁਲੀਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਕਲਿਆਣ ਬੈਂਸਲਾ (33) ਵਜੋਂ ਹੋਈ ਹੈ, ਜੋ ਪਲਵਲ ਜ਼ਿਲ੍ਹੇ ਦੇ ਚੰਦਹਾਟ ਦਾ ਰਹਿਣ ਵਾਲਾ ਹੈ। ਉਹ ਇੱਕ ਜਿੰਮ ਸੰਚਾਲਕ ਹੈ ਅਤੇ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਵੀ ਲੱਗਿਆ ਹੋਇਆ ਹੈ।
ਡੀ.ਸੀ.ਪੀ. ਪੂਰਬ, ਸੰਦੀਪ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਇੰਟਰਵਿਊ ਦੇਣ ਤੋਂ ਬਾਅਦ ਮੁਲਜ਼ਮ ਕਾਰ ਡਰਾਈਵਰ ਨੇ ਆਪਣਾ ਮੋਬਾਈਲ ਫ਼ੋਨ ਬੰਦ ਕਰ ਦਿੱਤਾ ਅਤੇ ਪੁਲੀਸ ਤੋਂ ਬਚਣ ਲਈ ਫਰਾਰ ਹੋ ਗਿਆ। ਤਿੰਨ ਟੀਮਾਂ ਬਣਾਈਆਂ ਗਈਆਂ ਸਨ ਅਤੇ ਆਖ਼ਰਕਾਰ ਉਸ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲੀਸ ਅਨੁਸਾਰ, 14 ਸਤੰਬਰ ਦੀ ਸਵੇਰ ਨੂੰ, ਇੱਕ ਮਹਿਲਾ ਬਾਈਕ ਸਵਾਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਦਿਖਾਇਆ ਗਿਆ ਕਿ ਉਸਨੂੰ ਪਿਛਲੀ ਸਵੇਰ (13 ਸਤੰਬਰ) ਗੋਲਫ ਕੋਰਸ ਰੋਡ 'ਤੇ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ। ਵੀਡੀਓ ਗੁਰੂਗ੍ਰਾਮ ਪੁਲੀਸ ਦੇ ਨੋਟਿਸ ਵਿੱਚ ਆਉਣ 'ਤੇ, ਪੀੜਤਾ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਕਿਉਂਕਿ ਔਰਤ ਵੱਲੋਂ ਕੋਈ ਰਸਮੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਸੀ, ਇਸ ਲਈ ਗੁਰੂਗ੍ਰਾਮ ਪੁਲੀਸ ਨੇ ਇਸ ਘਟਨਾ ਦਾ ਖੁਦ ਨੋਟਿਸ ਲਿਆ ਅਤੇ ਸੈਕਟਰ-56 ਪੁਲੀਸ ਸਟੇਸ਼ਨ ਵਿਖੇ ਸਬੰਧਤ ਧਾਰਾਵਾਂ ਤਹਿਤ ਤੁਰੰਤ ਕੇਸ ਦਰਜ ਕਰ ਲਿਆ।
