ਆਈਐਮਏ ਦੇ ਸੱਦੇ ਦੇ ਬਾਵਜੂਦ ਹਰਿਆਣਾ ਵਿੱਚ ਆਯੂਸਮਾਨ ਭਾਰਤ ਯੋਜਨਾ ਦੀਆਂ ਸੇਵਾਵਾਂ ਨਿਰਵਿਘਨ ਰਹੀਆਂ

ਚੰਡੀਗੜ੍ਹ, 2 ਸਤੰਬਰ:- ਹਰਿਆਣਾ ਵਿੱਚ ਆਯੁਸਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏ.ਬੀ.-ਪੀ.ਐਮ.ਜੇ.ਏ.ਵਾਈ.) ਤਹਿਤ ਸਿਹਤ ਸੇਵਾਵਾਂ ਆਮ ਵਾਂਗ ਜਾਰੀ ਰਹੀਆਂ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਵੱਲੋਂ 31 ਅਗਸਤ ਦੀ ਰਾਤ ਤੋਂ 1 ਸਤੰਬਰ ਦੀ ਰਾਤ ਤੱਕ ਯੋਜਨਾ ਤਹਿਤ ਸੇਵਾਵਾਂ ਰੋਕਣ ਦੇ ਸੱਦੇ ਦੇ ਬਾਵਜੂਦ ਸੂਬੇ ਵਿੱਚ ਯੋਗ ਲਾਭਪਾਤਰੀਆਂ ਨੂੰ ਇਲਾਜ ਲੈਣ ਵਿੱਚ ਕਿਸੇ ਕਿਸਮ ਦੀ ਵੱਡੀ ਪਰੇਸ਼ਾਨੀ ਨਹੀਂ ਆਈ।
ਰਾਜ ਸਿਹਤ ਅਥਾਰਟੀ (ਐਸ.ਐਚ.ਏ.), ਹਰਿਆਣਾ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਮਿਆਦ ਵਿੱਚ ਨਿੱਜੀ ਸੂਚੀਬੱਧ ਹਸਪਤਾਲਾਂ ਨੇ ਹੀ 1,314 ਤੋਂ ਵੱਧ ਦਾਅਵੇ ਪੇਸ਼ ਕੀਤੇ। ਸਰਕਾਰੀ ਹਸਪਤਾਲਾਂ ਦੇ ਦਾਅਵਿਆਂ ਨੂੰ ਵੀ ਸ਼ਾਮਲ ਕਰਨ 'ਤੇ ਆਯੁਸਮਾਨ ਭਾਰਤ ਯੋਜਨਾ ਤਹਿਤ ਕੁੱਲ 3,511 ਤੋਂ ਵੱਧ ਦਾਅਵੇ ਪੇਸ਼ ਕੀਤੇ ਗਏ। ਇਹ ਗਿਣਤੀ ਯੋਜਨਾ ਤਹਿਤ ਰੋਜ਼ਾਨਾ ਪੇਸ਼ ਹੋਣ ਵਾਲੇ ਕਰੀਬ 3,441 ਦਾਅਵਿਆਂ ਦੇ ਔਸਤ ਨਾਲੋਂ ਵੀ ਵੱਧ ਹੈ। ਇਸ ਤੋਂ ਸਾਫ਼ ਹੈ ਕਿ ਆਈ.ਐਮ.ਏ. ਦੇ ਸੱਦੇ ਦਾ ਸੂਬੇ ਵਿੱਚ ਆਯੁਸਮਾਨ ਭਾਰਤ ਯੋਜਨਾ ਤਹਿਤ ਇਲਾਜ ਲੈਣ ਵਾਲੇ ਮਰੀਜ਼ਾਂ 'ਤੇ ਕੋਈ ਵੱਡਾ ਅਸਰ ਨਹੀਂ ਪਿਆ।

**ਹਸਪਤਾਲਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਸਿਹਤ ਅਥਾਰਟੀ :
ਰਾਜ ਸਿਹਤ ਅਥਾਰਟੀ ਨੇ ਪੂਰੇ ਮਾਮਲੇ 'ਤੇ ਲਗਾਤਾਰ ਨਜ਼ਰ ਰੱਖੀ। ਜ਼ਿਲ੍ਹਾ ਪੱਧਰ 'ਤੇ ਅਧਿਕਾਰੀਆਂ, ਜ਼ਿਲ੍ਹਾ ਅਮਲ ਪ੍ਰਬੰਧਕਾਂ ਅਤੇ ਸੂਚੀਬੱਧ ਹਸਪਤਾਲਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਗਿਆ। ਸਾਰੇ ਸੂਚੀਬੱਧ ਹਸਪਤਾਲਾਂ ਨੂੰ ਕਿਹਾ ਗਿਆ ਕਿ ਆਯੁਸਮਾਨ ਭਾਰਤ ਯੋਜਨਾ ਦੇ ਯੋਗ ਮਰੀਜ਼ਾਂ ਨੂੰ ਪਹਿਲ ਦਿੰਦੇ ਹੋਏ ਇਲਾਜ ਅਤੇ ਸਿਹਤ ਸੇਵਾਵਾਂ ਆਮ ਵਾਂਗ ਜਾਰੀ ਰੱਖਣ। ਹਸਪਤਾਲਾਂ ਤੋਂ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਕਿਸੇ ਯੋਗ ਮਰੀਜ਼ ਨੂੰ ਯੋਜਨਾ ਤਹਿਤ ਇਲਾਜ ਲੈਣ ਵਿੱਚ ਬੇਲੋੜੀ ਪਰੇਸ਼ਾਨੀ ਨਾ ਆਵੇ।
ਐਸ.ਐਚ.ਏ. ਦੇ ਅਨੁਸਾਰ, ਇਸ ਮਿਆਦ ਵਿੱਚ ਕਿਸੇ ਯੋਗ ਮਰੀਜ਼ ਨੂੰ ਇਲਾਜ ਤੋਂ ਮਨ੍ਹਾ ਕਰਨ ਜਾਂ ਆਯੁਸਮਾਨ ਭਾਰਤ ਯੋਜਨਾ ਤਹਿਤ ਸਿਹਤ ਸੇਵਾਵਾਂ ਵਿੱਚ ਰੁਕਾਵਟ ਦੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਹਸਪਤਾਲਾਂ ਤੋਂ ਮਿਲੇ ਜਵਾਬ ਅਤੇ ਇਸ ਦੌਰਾਨ ਪੇਸ਼ ਕੀਤੇ ਗਏ ਦਾਅਵਿਆਂ ਦੀ ਗਿਣਤੀ ਤੋਂ ਵੀ ਸਪੱਸ਼ਟ ਹੈ ਕਿ ਲਾਭਪਾਤਰੀਆਂ ਨੂੰ ਯੋਜਨਾ ਤਹਿਤ ਸਿਹਤ ਸੇਵਾਵਾਂ ਮਿਲਦੀਆਂ ਰਹੀਆਂ।

**12 ਹਜ਼ਾਰ ਕਰੋੜ ਰੁਪਏ ਦੇ ਬਕਾਏ ਦੀ ਖ਼ਬਰ ਨੂੰ ਦੱਸਿਆ ਭਰਮਾਊ:
 ਰਾਜ ਸਿਹਤ ਅਥਾਰਟੀ ਨੇ ਕੁਝ ਅਖਬਾਰਾਂ ਵਿੱਚ ਆਯੁਸਮਾਨ ਭਾਰਤ ਯੋਜਨਾ ਤਹਿਤ ਹਸਪਤਾਲਾਂ ਦੇ 12,000 ਕਰੋੜ ਰੁਪਏ ਦੇ ਬਕਾਏ ਨਾਲ ਜੁੜੀਆਂ ਖ਼ਬਰਾਂ ਨੂੰ ਤੱਥਾਤਮਕ ਤੌਰ 'ਤੇ ਸਹੀ ਨਹੀਂ ਦੱਸਿਆ ਹੈ। ਐਸ.ਐਚ.ਏ. ਨੇ ਕਿਹਾ ਕਿ ਇਸ ਤਰ੍ਹਾਂ ਦੀ ਜਾਣਕਾਰੀ ਨਾਲ ਲਾਭਪਾਤਰੀਆਂ ਅਤੇ ਆਮ ਲੋਕਾਂ ਵਿੱਚ ਬੇਲੋੜਾ ਭਰਮ ਪੈਦਾ ਹੁੰਦਾ ਹੈ। ਯੋਜਨਾ ਤਹਿਤ ਭੁਗਤਾਨ ਅਤੇ ਦਾਅਵਿਆਂ ਦੀ ਅਸਲ ਸਥਿਤੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚੀ ਜਾਂਦੀ ਹੈ। ਅਥਾਰਟੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪੁਸ਼ਟ ਖ਼ਬਰਾਂ ਜਾਂ ਅਧੂਰੀ ਜਾਣਕਾਰੀ 'ਤੇ ਭਰੋਸਾ ਨਾ ਕਰਨ ਅਤੇ ਸਿਰਫ਼ ਸਹੀ ਅਤੇ ਅਧਿਕਾਰਤ ਜਾਣਕਾਰੀ 'ਤੇ ਹੀ ਵਿਸ਼ਵਾਸ ਕਰਨ।

**ਇਲਾਜ ਤੋਂ ਮਨ੍ਹਾ ਕਰਨ ਦੀ ਸ਼ਿਕਾਇਤ 'ਤੇ ਹੋਵੇਗੀ ਜਾਂਚ :
ਰਾਜ ਸਿਹਤ ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਲਾਭਪਾਤਰੀ ਵੱਲੋਂ ਇਹ ਸ਼ਿਕਾਇਤ ਮਿਲਦੀ ਹੈ ਕਿ 31 ਅਗਸਤ ਜਾਂ 1 ਸਤੰਬਰ ਨੂੰ ਕਿਸੇ ਸੂਚੀਬੱਧ ਹਸਪਤਾਲ ਨੇ ਆਯੁਸਮਾਨ ਭਾਰਤ ਯੋਜਨਾ ਤਹਿਤ ਇਲਾਜ ਕਰਨ ਤੋਂ ਮਨ੍ਹਾ ਕੀਤਾ, ਤਾਂ ਉਸ ਮਾਮਲੇ ਦੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚ ਕੀਤੀ ਜਾਵੇਗੀ।
ਐਸ.ਐਚ.ਏ. ਸ਼ਿਕਾਇਤਾਂ ਅਤੇ ਹਸਪਤਾਲਾਂ ਤੋਂ ਮਿਲੀ ਜਾਣਕਾਰੀ ਦੀ ਸਮੀਖਿਆ ਕਰੇਗਾ। ਜੇਕਰ ਜਾਂਚ ਵਿੱਚ ਕਿਸੇ ਹਸਪਤਾਲ ਵੱਲੋਂ ਯੋਗ ਲਾਭਪਾਤਰੀ ਨੂੰ ਯੋਜਨਾ ਤਹਿਤ ਇਲਾਜ ਦੇਣ ਤੋਂ ਮਨ੍ਹਾ ਕਰਨ ਜਾਂ ਜਾਣਬੁੱਝ ਕੇ ਇਲਾਜ ਵਿੱਚ ਰੁਕਾਵਟ ਪਾਉਣ ਦੀ ਗੱਲ ਸਹੀ ਪਾਈ ਜਾਂਦੀ ਹੈ, ਤਾਂ ਸਬੰਧਤ ਹਸਪਤਾਲ ਖਿਲਾਫ ਨਿਯਮਾਂ ਅਨੁਸਾਰ ਉਚਿਤ ਕਾਰਵਾਈ ਕੀਤੀ ਜਾਵੇਗੀ।

**ਲਾਭਪਾਤਰੀਆਂ ਤੋਂ ਇਲਾਜ ਜਾਰੀ ਰੱਖਣ ਦੀ ਅਪੀਲ :
ਰਾਜ ਸਿਹਤ ਅਥਾਰਟੀ ਨੇ ਆਯੁਸਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਸਾਰੇ ਯੋਗ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਨਿਰਧਾਰਤ ਪ੍ਰਕਿਰਿਆ ਤਹਿਤ ਪ੍ਰਦੇਸ਼ ਦੇ ਸੂਚੀਬੱਧ ਹਸਪਤਾਲਾਂ ਵਿੱਚ ਆਪਣਾ ਇਲਾਜ ਜਾਰੀ ਰੱਖ ਸਕਦੇ ਹਨ। ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਅਫਵਾਹ, ਅਪੁਸ਼ਟ ਸੂਚਨਾ ਜਾਂ ਭਰਮਾਊ ਖ਼ਬਰ ਤੋਂ ਪ੍ਰਭਾਵਿਤ ਨਾ ਹੋਣ।
ਹਰਿਆਣਾ ਸਰਕਾਰ ਦੀ ਪਹਿਲ ਪ੍ਰਦੇਸ਼ ਦੇ ਯੋਗ ਨਾਗਰਿਕਾਂ ਨੂੰ ਸਮੇਂ 'ਤੇ, ਆਸਾਨੀ ਨਾਲ ਅਤੇ ਬਿਹਤਰ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ। ਰਾਜ ਸਰਕਾਰ ਆਯੁਸਮਾਨ ਭਾਰਤ ਯੋਜਨਾ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਯੋਗ ਲਾਭਪਾਤਰੀਆਂ ਨੂੰ ਇਲਾਜ ਲੈਣ ਵਿੱਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ। ਰਾਜ ਸਿਹਤ ਅਥਾਰਟੀ ਵੱਲੋਂ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਅਤੇ ਸੂਚੀਬੱਧ ਹਸਪਤਾਲਾਂ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ, ਤਾਂ ਜੋ ਯੋਜਨਾ ਤਹਿਤ ਸਿਹਤ ਸੇਵਾਵਾਂ ਅਤੇ ਇਲਾਜ ਦੀ ਵਿਵਸਥਾ ਸੁਚਾਰੂ ਰੂਪ ਨਾਲ ਚੱਲਦੀ ਰਹੇ।