ਹਰਿਆਣਾ ਵਿੱਚ ਖੇਤੀ ਨੂੰ ਕਿਫ਼ਾਇਤੀ ਅਤੇ ਲਾਹੇਵੰਦ ਬਣਾਉਣ ਲਈ ਵੱਡਾ ਕਦਮ
ਚੰਡੀਗੜ੍ਹ, 2 ਸਤੰਬਰ:- ਹਰਿਆਣਾ ਵਿੱਚ ਖੇਤੀ ਲਾਗਤ ਘਟਾਉਣ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਵਾਤਾਵਰਣ-ਪੱਖੀ ਖੇਤੀ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਵੱਡੇ ਨੀਤੀਗਤ ਕਦਮ ਚੁੱਕਣ ਦੀ ਤਿਆਰੀ ਕੀਤੀ ਹੈ।
ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿੱਚ "ਮਿਸ਼ਨ ਫਾਰ ਆਤਮਨਿਰਭਰਤਾ ਇਨ ਪਲਸੀਜ਼" ਵਿਸ਼ੇ 'ਤੇ ਆਯੋਜਿਤ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਉਹ ਸੂਬੇ ਵਿੱਚ ਖੇਤਰਵਾਰ ਜਲਵਾਯੂ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ 'ਫ਼ਸਲੀ-ਕੈਲੰਡਰ' ਤਿਆਰ ਕਰਨ। ਇਸ ਕੈਲੰਡਰ ਰਾਹੀਂ ਕਿਸਾਨਾਂ ਦੀ ਸਹੀ ਅਗਵਾਈ ਕੀਤੀ ਜਾਵੇਗੀ, ਤਾਂ ਜੋ ਉਹ ਘੱਟ ਲਾਗਤ ਵਿੱਚ ਵੱਧ ਤੋਂ ਵੱਧ ਮੁਨਾਫ਼ਾ ਕਮਾ ਸਕਣ।
ਇਸ ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਡਾਇਰੈਕਟਰ ਸ੍ਰੀ ਰਾਜਨਾਰਾਇਣ ਕੌਸ਼ਿਕ, ਵਧੀਕ ਨਿਦੇਸ਼ਕ ਸ੍ਰੀ ਰਾਮਪ੍ਰਤਾਪ ਸਿਹਾਗ ਅਤੇ ਡਾ. ਦੇਵੇਂਦਰ ਸਿਹਾਗ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਦੀ ਬਿਜਾਈ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਖਾਦ ਅਤੇ ਪਾਣੀ ਦੀ ਘੱਟੋ-ਘੱਟ ਖਪਤ ਹੋਵੇ। ਉਨ੍ਹਾਂ ਝੋਨੇ ਅਤੇ ਦਾਲਾਂ ਵਰਗੀਆਂ ਫ਼ਸਲਾਂ ਦੀਆਂ ਅਜਿਹੀਆਂ ਉੱਤਮ ਕਿਸਮਾਂ ਦੀ ਪਛਾਣ ਕਰਨ 'ਤੇ ਖਾਸ ਜ਼ੋਰ ਦਿੱਤਾ ਜਿਨ੍ਹਾਂ ਦਾ ਵਿਦੇਸ਼ਾਂ ਵਿੱਚ ਵੀ ਨਿਰਯਾਤ ਕੀਤਾ ਜਾ ਸਕੇ। ਇਸ ਨਾਲ ਨਾ ਸਿਰਫ਼ ਕਿਸਾਨਾਂ ਨੂੰ ਆਪਣੀ ਉਪਜ ਦਾ ਬਿਹਤਰ ਮੁੱਲ ਅਤੇ ਚੰਗੀ ਆਮਦਨ ਮਿਲੇਗੀ, ਸਗੋਂ ਨਿਰਯਾਤ ਵਧਣ ਨਾਲ ਦੇਸ਼ ਦੀ ਜੀ.ਡੀ.ਪੀ. ਵਿੱਚ ਵੀ ਸਕਾਰਾਤਮਕ ਵਾਧਾ ਹੋਵੇਗਾ। ਆਉਣ ਵਾਲੇ ਸੀਜ਼ਨ ਲਈ ਫ਼ਸਲਾਂ ਦੇ ਉੱਤਮ ਬੀਜਾਂ ਦੀ ਉਪਲਬਧਤਾ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਫ਼ਸਲ ਦੇ ਬਿਹਤਰ ਉਤਪਾਦਨ ਵਿੱਚ ਬੀਜ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ, ਇਸ ਲਈ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਸਿਰਫ਼ ਪ੍ਰਮਾਣਿਤ ਅਤੇ ਉੱਨਤ ਕਿਸਮ ਦੇ ਬੀਜ ਖਰੀਦਣ ਲਈ ਹੀ ਪ੍ਰੇਰਿਤ ਕਰਨਾ ਚਾਹੀਦਾ ਹੈ।
ਕੁਦਰਤੀ ਖੇਤੀ ਨੂੰ ਜ਼ਮੀਨੀ ਪੱਧਰ 'ਤੇ ਉਤਾਰਨ ਅਤੇ ਰਸਾਇਣਕ ਖਾਦਾਂ 'ਤੇ ਨਿਰਭਰਤਾ ਘਟਾਉਣ ਲਈ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਇੱਕ ਅਨੋਖੀ ਪਹਿਲ ਦਾ ਸੁਝਾਅ ਦਿੱਤਾ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਊਸ਼ਾਲਾਵਾਂ ਵਿੱਚ ਗਾਵਾਂ ਦੇ ਗੋਬਰ ਅਤੇ ਗਊਂ ਮੂਤਰ ਤੋਂ 'ਜੀਵਾਮ੍ਰਿਤ' ਤਿਆਰ ਕਰਕੇ ਕਿਸਾਨਾਂ ਨੂੰ ਮੁਫ਼ਤ ਮੁਹੱਈਆ ਕਰਵਾਉਣ ਦੀਆਂ ਸੰਭਾਵਨਾਵਾਂ ਦੀ ਭਾਲ ਕਰਨ, ਤਾਂ ਜੋ ਕਿਸਾਨ ਕੁਦਰਤੀ ਖੇਤੀ ਜ਼ਰੀਏ ਆਪਣਾ ਉਤਪਾਦਨ ਵਧਾ ਸਕਣ। ਇਸ ਲਈ ਉਨ੍ਹਾਂ ਨੇ ਇੱਕ ਸਮਰਪਿਤ ਪਾਇਲਟ ਪ੍ਰੋਜੈਕਟ ਬਣਾ ਕੇ ਕੰਮ ਕਰਨ ਦੀ ਸਲਾਹ ਦਿੱਤੀ।
ਇਸ ਦੇ ਨਾਲ ਹੀ, ਖੇਤੀ ਵਿੱਚ ਮਿਹਨਤ ਅਤੇ ਲਾਗਤ ਨੂੰ ਘਟਾਉਣ ਦੇ ਉਦੇਸ਼ ਨਾਲ ਮੰਤਰੀ ਨੇ ਕਪਾਹ ਅਤੇ ਦਾਲ ਵਾਲੀਆਂ ਫ਼ਸਲਾਂ ਦੀ ਕਟਾਈ ਅਤੇ ਗਹਾਈ ਲਈ ਆਧੁਨਿਕ ਮਸ਼ੀਨੀਕਰਨ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਬਿਜਾਈ ਤੋਂ ਲੈ ਕੇ ਕਟਾਈ ਤੱਕ ਅਜਿਹੇ ਵਿਗਿਆਨਕ ਪ੍ਰਬੰਧਨ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਿਸ ਨਾਲ ਖੇਤੀ ਦਾ ਖਰਚਾ ਘੱਟ ਹੋਵੇ ਅਤੇ ਇਹ ਕਿਸਾਨਾਂ ਲਈ ਆਰਥਿਕ ਤੌਰ 'ਤੇ ਬਹੁਤ ਜ਼ਿਆਦਾ ਲਾਹੇਵੰਦ ਸਾਬਤ ਹੋ ਸਕੇ।
