ਏਅਰ ਇੰਡੀਆ ਦੀ ਫਲਾਈਟ ਚ 300 ਫੁੱਟ ਦੀ ਅਚਾਨਕ ਗਿਰਾਵਟ
ਨਵੀਂ ਦਿੱਲੀ:- ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI-2379 ਵਿੱਚ 4 ਅਗਸਤ ਨੂੰ ਕਰੂਜ਼ ਫੇਜ਼ ਦੌਰਾਨ ਲਗਪਗ 300 ਫੁੱਟ ਦੀ ਅਚਾਨਕ ਉੱਚਾਈ ਘਟਣ ਦੀ ਘਟਨਾ ਤੋਂ ਬਾਅਦ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਆਪਣੀ ਸ਼ੁਰੂਆਤੀ ਰਿਪੋਰਟ ਜਾਰੀ ਕਰ ਦਿੱਤੀ ਹੈ।
ਰਿਪੋਰਟ ਅਨੁਸਾਰ, ਪਾਇਲਟ-ਇਨ-ਕਮਾਂਡ ਦੇ ਕਨਫਰਮੇਟਰੀ ਟੈਸਟ ਵਿੱਚ ਸਾਈਕੋ-ਐਕਟਿਵ ਸਬਸਟੈਂਸ ਲਈ ਨੌਨ-ਨੈਗੇਟਿਵ (ਪਾਜ਼ੇਟਿਵ) ਨਤੀਜਾ ਆਇਆ ਹੈ। ਏ.ਏ.ਆਈ.ਬੀ. ਨੇ ਇਸ ਨੂੰ ਗੰਭੀਰ ਚਿੰਤਾ ਦਾ ਵਿਚਾਰ ਦੱਸਦਿਆਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੂੰ ਪਹਿਲ ਦੇ ਆਧਾਰ 'ਤੇ ਉੱਚਿਤ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਤਕਨੀਕੀ ਅਤੇ ਹੋਰ ਪਹਿਲੂਆਂ ਦੀ ਵਿਸਤ੍ਰਿਤ ਜਾਂਚ ਅਜੇ ਜਾਰੀ ਹੈ।
ਇਹ ਸ਼ੁਰੂਆਤੀ ਰਿਪੋਰਟ ਅੰਤਰਰਾਸ਼ਟਰੀ ਨਾਗਰਿਕ ਉੱਡਣ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਰੀ ਕੀਤੀ ਗਈ ਹੈ। ਜਾਂਚ ਪ੍ਰਕਿਰਿਆ ਚੱਲ ਰਹੀ ਹੈ ਅਤੇ ਅੰਤਿਮ ਰਿਪੋਰਟ ਬਾਅਦ ’ਚ ਪ੍ਰਕਾਸ਼ਿਤ ਕੀਤੀ ਜਾਵੇਗੀ।
ਦੱਸ ਦੇਈਏ ਕਿ 4 ਅਗਸਤ ਨੂੰ ਏਅਰ ਇੰਡੀਆ ਦੀ ਏਅਰਬੱਸ A320 ਉਡਾਣ ਫੂਕੇਟ ਤੋਂ ਦਿੱਲੀ ਜਾ ਰਹੀ ਸੀ। ਉਡਾਣ ਦੌਰਾਨ ਅਚਾਨਕ ਉੱਚਾਈ ਵਿੱਚ ਲਗਪਗ 300 ਫੁੱਟ ਦੀ ਗਿਰਾਵਟ ਆਈ। ਇਸ ਘਟਨਾ ’ਚ ਘੱਟੋ-ਘੱਟ 17 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ’ਚੋਂ ਕੁਝ ਦੀ ਰੀੜ੍ਹ ਦੀ ਹੱਡੀ ਅਤੇ ਧੌਣ 'ਤੇ ਵੀ ਸੱਟਾਂ ਆਈਆਂ। ਏਅਰਲਾਈਨ ਨੇ ਦੱਸਿਆ ਸੀ ਕਿ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਲੋੜਵੰਦਾਂ ਦੀ ਹਵਾਈ ਅੱਡੇ 'ਤੇ ਡਾਕਟਰੀ ਜਾਂਚ ਕਰਵਾਈ ਗਈ ਸੀ। ਜਹਾਜ਼ ਸੁਰੱਖਿਅਤ ਢੰਗ ਨਾਲ ਦਿੱਲੀ ਪਹੁੰਚ ਗਿਆ ਸੀ।
ਇਸ ਘਟਨਾ ਨੂੰ ਏ.ਏ.ਆਈ.ਬੀ. ਨੇ ਗੰਭੀਰ ਘਟਨਾ (ਸੰਭਾਵੀ ਹਾਦਸਾ) ਵਜੋਂ ਸ਼੍ਰੇਣੀਬੱਧ ਕੀਤਾ ਹੈ। ਪਹਿਲਾਂ ਕੁਝ ਰਿਪੋਰਟਾਂ ਵਿੱਚ ਖ਼ਰਾਬ ਮੌਸਮ/ਝਟਕਿਆਂ ਦਾ ਜ਼ਿਕਰ ਸੀ ਪਰ ਬਾਅਦ ਦੀ ਜਾਂਚ ਵਿੱਚ ਤਕਨੀਕੀ ਖ਼ਰਾਬੀ ਅਤੇ ਹੁਣ ਪਾਇਲਟ ਦੇ ਟੈਸਟ ਨਤੀਜਿਆਂ 'ਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਏ.ਏ.ਆਈ.ਬੀ. ਦੀ ਵਿਸਤ੍ਰਿਤ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ।
