ਚੰਡੀਗੜ੍ਹ, 1 ਸਤੰਬਰ:- ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਹਾਂਸੀ ਸ਼ਹਿਰ ਵਿੱਚ ਪੁਰਾਣੀ ਸੀਵਰ ਲਾਈਨ ਦਾ ਜਲਦੀ ਸਰਵੇ ਕਰਵਾਇਆ ਜਾਵੇਗਾ ਅਤੇ ਨਵੀਂ ਪਾਈਪਲਾਈਨ ਵਿਛਾਉਣ ਦਾ ਕੰਮ ਕੀਤਾ ਜਾਵੇਗਾ।
ਵਿਧਾਨ ਸਭਾ ਸੈਸ਼ਨ ਦੌਰਾਨ ਹਾਂਸੀ ਦੇ ਵਿਧਾਇਕ ਸ੍ਰੀ ਵਿਨੋਦ ਭਯਾਨਾ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਦੱਸਿਆ ਕਿ ਹਾਂਸੀ ਵਿੱਚ ਪਹਿਲਾਂ ਬਣੀ ਸੀਵਰ ਲਾਈਨ ਦਾ ਕੁਝ ਹਿੱਸਾ ਸਾਲ 1980 ਵਿੱਚ ਮੁੱਖ ਤੌਰ 'ਤੇ ਤੋਸ਼ਾਮ ਚੁੰਗੀ ਤੋਂ ਸਮਾਧਾ ਰੋਡ ਅਤੇ ਜੀਂਦ ਚੌਕ ਤੋਂ ਸਮਾਧਾ ਰੋਡ ਵਾਇਆ ਤ੍ਰਿਕੋਣਾ ਪਾਰਕ ਅਤੇ ਚਾਰ ਕੁਤੁਬ ਖੇਤਰਾਂ ਵਿੱਚ ਵਿਛਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਨਿਕਾਸੀ ਪਾਣੀ ਦੀ ਮਾਤਰਾ ਵਧਣ ਕਾਰਨ ਇਸ ਵਿੱਚ ਦਿੱਕਤ ਆ ਰਹੀ ਹੈ। ਇਸ ਨੂੰ ਦੇਖਦੇ ਹੋਏ ਜਲਦੀ ਇਸ ਦਾ ਸਰਵੇ ਕਰਵਾ ਕੇ ਨਵੀਂ ਪਾਈਪਲਾਈਨ ਵਿਛਾਉਣ ਦਾ ਕੰਮ ਕੀਤਾ ਜਾਵੇਗਾ। ਜਨ ਸਿਹਤ ਇੰਜੀਨੀਅਰਿੰਗ ਮੰਤਰੀ ਨੇ ਵਿਧਾਇਕ ਸ੍ਰੀ ਵਿਨੋਦ ਭਯਾਨਾ ਨੂੰ ਭਰੋਸਾ ਦਿਵਾਇਆ ਕਿ ਇਸ ਸੰਬੰਧ ਵਿੱਚ ਜਲਦੀ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।