ਪਟਿਆਲਾ:- ਜ਼ਿਲਾ ਸੈਸ਼ਨ ਜੱਜ ਪਟਿਆਲਾ ਸ੍ਰੀ ਅਵਤਾਰ ਸਿੰਘ ਵਲੋਂ, ਪੰਜਾਬ ਰੈੱਡ ਕਰਾਸ ਸਾਕੇਤ ਨਸ਼ਾ ਛੁਡਾਊ ਐਕੀਕ੍ਰਿਤ ਸੇਂਟਰ ਵਿਖੇ ਦਾਖਲ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਸ਼ਿਆਂ ਦੀ ਦਲਦਲ ਵਿਚੋਂ ਨਿਕਲੇ ਨੋਜਵਾਨਾਂ ਨਾਲ ਬਹੁਤ ਪਿਆਰ ਸਤਿਕਾਰ ਨਾਲ ਰੂਬਰੂ ਹੋਕੇ, ਸ੍ਰੀਮਤੀ ਪ੍ਰਮਿੰਦਰ ਕੌਰ ਮਨਚੰਦਾ ਡਾਇਰੈਕਟਰ ਅਤੇ ਇਨ੍ਹਾਂ ਦੇ ਕਾਊਸਲਰਾ ਅਤੇ ਸਟਾਫ ਮੈਂਬਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਰੈਡ ਕਰਾਸ ਵਲੋਂ ਦੁਨੀਆਂ ਵਿੱਚ ਅਮਨ ਸ਼ਾਂਤੀ, ਭਾਈਚਾਰੇ, ਸਿਹਤ, ਸੁਰੱਖਿਆ, ਖੁਸ਼ਹਾਲੀ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। 
ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਨੋਜਵਾਨਾਂ ਵਿੱਚ ਸਿਹਤ, ਸੁਰੱਖਿਆ, ਖੁਸ਼ਹਾਲੀ, ਸਹਿਯੋਗ, ਉਨਤੀ, ਆਤਮ ਵਿਸ਼ਵਾਸ ਹੌਂਸਲੇ ਪੈਦਾ ਕਰਨ ਲਈ ਰੈੱਡ ਕਰਾਸ ਵਰਕਰਾਂ ਵਾਂਗ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਹਨ। ਸੀ ਜੇ ਐਮ ਅਮਨਦੀਪ ਕੰਬੋਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਯੁੱਧ ਵਿੱਚ, ਪਟਿਆਲਾ ਰੈੱਡ ਕਰਾਸ ਨਸ਼ਾ ਛੁਡਾਊ ਐਕੀਕ੍ਰਿਤ ਸੇਂਟਰ ਵਲੋਂ ਹਜ਼ਾਰਾਂ ਨੋਜਵਾਨਾਂ ਅਤੇ ਨਾਗਰਿਕਾਂ ਨੂੰ ਜਾਗਰੂਕ ਕਰਕੇ ਘਰ ਪਰਿਵਾਰਾਂ ਦੀਆਂ ਖੁਸ਼ੀਆਂ ਖੁਸ਼ਹਾਲੀ ਨੂੰ ਤਬਾਹ ਹੋਣ ਤੋਂ ਬਚਾਇਆ ਹੈ। 
ਪ੍ਰਮਿੰਦਰ ਕੌਰ ਮਨਚੰਦਾ ਜਿਨ੍ਹਾਂ ਨੂੰ ਤਿੰਨ ਵਾਰ ਗਵਰਨਰ ਪੰਜਾਬ ਅਤੇ ਅਨੇਕਾਂ ਵਾਰ ਜ਼ਿਲਾ ਪ੍ਰਸ਼ਾਸਨ, ਸਿਖਿਆ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ, ਖੁਸ਼ੀ ਸੰਤੁਸ਼ਟੀ ਅਤੇ ਵਿਸ਼ਵਾਸ ਹੁੰਦਾ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਪੀੜਤਾਂ ਦੇ ਦੁੱਖ ਦਰਦ ਨਿਵਾਰਕ ਕਰਨ ਲਈ ਰੈੱਡ ਕਰਾਸ ਨਾਲ ਜੋੜਿਆ ਹੈ। 
ਇਸ ਮੌਕੇ ਗੁਰਕਿਰਤ ਸਿੰਘ, ਪਰਮਜੀਤ ਸਿੰਘ, ਕਾਕਾ ਰਾਮ ਵਰਮਾ, ਏ ਐਸ ਆਈ ਰਾਮ ਸਰਨ ਅਤੇ ਨਸ਼ਿਆਂ ਦੀ ਦਲਦਲ ਵਿਚੋਂ ਨਿਕਲੇ ਨੋਜਵਾਨਾਂ ਨੇ ਰੈੱਡ ਕਰਾਸ ਨਸ਼ਾ ਛੁਡਾਊ ਐਕੀਕ੍ਰਿਤ ਸੇਂਟਰ ਦੇ ਕਰਮਚਾਰੀਆਂ ਵਲੋਂ ਪਿਛਲੇ ਅਨੇਕਾਂ ਸਾਲਾਂ ਤੋਂ ਪੰਜਾਬ ਦੇ ਬੱਚਿਆਂ, ਨੋਜਵਾਨਾਂ ਅਤੇ ਨਾਗਰਿਕਾਂ ਨੂੰ ਨਸ਼ਿਆਂ, ਅਪਰਾਧਾਂ, ਹਾਦਸਿਆਂ, ਲੁਟਮਾਰਾ ਤੋਂ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਵਾਂਗ ਸਹਾਇਤਾ, ਸਹਾਰਾ ਅਤੇ ਸਹਿਯੋਗ ਦਿੱਤੇ ਹਨ।