ਪਟਿਆਲਾ- ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਵਿਸ਼ਟਾ ਪ੍ਰੋਸੈਸਡ ਫੂਡ ਪ੍ਰਾਈਵੇਟ ਲਿਮਟਿਡ ਵੱਲੋਂ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਿਹਤਮੰਦ, ਤੰਦਰੁਸਤ, ਸੁਰੱਖਿਅਤ, ਖੁਸ਼ਹਾਲ ਅਤੇ ਉੱਨਤ ਜੀਵਨ ਜਿਊਣ ਲਈ ਯੋਗ, ਸਹਿਯੋਗ, ਸੁਰੱਖਿਆ ਅਤੇ ਕਸਰਤਾਂ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਫਸਟ ਏਡ, ਸੇਫਟੀ ਅਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ ਨੇ ਯੋਗ ਕਿਰਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੰਗੀ ਸਿਹਤ, ਤੰਦਰੁਸਤੀ ਅਤੇ ਅਰੋਗਤਾ ਲਈ ਯੋਗ ਸਿਰਫ਼ ਕੁਝ ਸਰੀਰਕ ਕਿਰਿਆਵਾਂ ਦਾ ਨਾਮ ਨਹੀਂ ਹੈ, ਸਗੋਂ ਲੰਬੇ ਸਮੇਂ ਤੱਕ ਸਿਹਤਮੰਦ, ਰੋਗ-ਮੁਕਤ ਅਤੇ ਤਾਕਤਵਰ ਰਹਿਣ ਦੀ ਇੱਕ ਸੰਪੂਰਨ ਜੀਵਨ ਸ਼ੈਲੀ ਹੈ। ਉਨ੍ਹਾਂ ਕਿਹਾ ਕਿ ਸ਼ੁੱਧ ਮਿੱਟੀ ਵਿੱਚ ਉੱਗਿਆ ਭੋਜਨ, ਸਾਫ਼ ਪਾਣੀ, ਫਲ, ਸਬਜ਼ੀਆਂ, ਦਾਲਾਂ ਅਤੇ ਅਨਾਜ ਸਿਹਤ ਲਈ ਬਹੁਤ ਲਾਭਦਾਇਕ ਹਨ।
ਉਨ੍ਹਾਂ ਦੱਸਿਆ ਕਿ ਸਾਫ਼ ਵਾਤਾਵਰਨ, ਸ਼ੁੱਧ ਹਵਾ ਅਤੇ ਸਹਿਣਯੋਗ ਤਾਪਮਾਨ ਹੀ ਚੰਗੀ ਸਿਹਤ ਅਤੇ ਸੁੱਖੀ ਜੀਵਨ ਦੇ ਅਧਾਰ ਹਨ। ਇਸ ਲਈ ਹਰ ਵਿਅਕਤੀ ਨੂੰ ਧਰਤੀ, ਅਕਾਸ਼, ਹਵਾ, ਅੱਗ ਅਤੇ ਪਾਣੀ ਦੀ ਸੁਰੱਖਿਆ ਅਤੇ ਸ਼ੁੱਧਤਾ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਿਲ, ਦਿਮਾਗ ਅਤੇ ਵਿਚਾਰਾਂ ਵਿੱਚ ਇਨਸਾਨੀਅਤ, ਪ੍ਰੇਮ, ਹਮਦਰਦੀ, ਸਬਰ, ਸ਼ਾਂਤੀ, ਨਿਮਰਤਾ ਅਤੇ ਅਨੁਸ਼ਾਸਨ ਵਰਗੇ ਗੁਣ ਵਿਕਸਿਤ ਕਰਨਾ ਵੀ ਯੋਗ ਦਾ ਮਹੱਤਵਪੂਰਨ ਹਿੱਸਾ ਹੈ।
ਕਾਕਾ ਰਾਮ ਵਰਮਾ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨਾਲ ਹਰ ਰੋਜ਼ ਘੱਟੋ-ਘੱਟ 1000 ਮੀਟਰ ਪੈਦਲ ਚੱਲਣਾ, 30 ਤੋਂ 40 ਮਿੰਟ ਤੱਕ ਪਾਰਕਾਂ ਵਿੱਚ ਸੈਰ, ਕਸਰਤਾਂ, ਖੇਡਾਂ ਅਤੇ ਯੋਗ ਕਿਰਿਆਵਾਂ ਕਰਨਾ ਅਤੇ ਦੇਸ਼, ਸਮਾਜ ਅਤੇ ਵਾਤਾਵਰਨ ਦੇ ਭਲੇ ਲਈ ਯਤਨ ਕਰਨਾ ਬਹੁਤ ਹੀ ਲਾਭਦਾਇਕ ਸਾਬਤ ਹੋ ਰਿਹਾ ਹੈ।
ਇਸ ਮੌਕੇ ਡੀ.ਜੀ.ਐੱਮ. ਵਰੁਣ ਭਾਰਦਵਾਜ ਅਤੇ ਸੀਨੀਅਰ ਮੈਨੇਜਰ (ਐਚ.ਆਰ.) ਰਾਜਿੰਦਰ ਲਾਂਬਾ ਨੇ ਕਿਹਾ ਕਿ ਦੇਸ਼, ਸਮਾਜ, ਘਰ-ਪਰਿਵਾਰ, ਸੰਸਥਾਵਾਂ ਅਤੇ ਵਾਤਾਵਰਨ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ, ਨਿਯਮਾਂ-ਕਾਨੂੰਨਾਂ, ਅਸੂਲਾਂ ਅਤੇ ਫ਼ਰਜ਼ਾਂ ਦੀ ਪਾਲਣਾ ਕਰਨਾ, ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਕੰਮ ਕਰਨਾ ਵੀ ਅਸਲ ਯੋਗ ਕਿਰਿਆਵਾਂ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਮੈਨੇਜਰ ਪ੍ਰੋਡਕਸ਼ਨ ਸ਼ੁਭਮ ਧੀਮਨ ਅਤੇ ਸਹਾਇਕ ਮੈਨੇਜਰ (ਐਚ.ਆਰ.) ਪਵਨ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੰਪਨੀ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ, ਸਿਹਤ, ਖੁਸ਼ਹਾਲੀ ਅਤੇ ਤਰੱਕੀ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਸ਼ਾ ਮਾਹਿਰਾਂ ਰਾਹੀਂ ਸਮੇਂ-ਸਮੇਂ ‘ਤੇ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭਦਾਇਕ ਜਾਣਕਾਰੀ ਪ੍ਰਾਪਤ ਹੋ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਘਰਾਂ, ਕਾਲੋਨੀਆਂ ਅਤੇ ਸੰਸਥਾਵਾਂ ਵਿੱਚ ਅਮਨ-ਸ਼ਾਂਤੀ, ਭਾਈਚਾਰਾ ਅਤੇ ਇੱਕ ਉੱਜਵਲ, ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਦੀ ਸਿਰਜਣਾ ਲਈ ਕੀਤੇ ਜਾਣ ਵਾਲੇ ਯਤਨ ਹੀ ਅਸਲ ਯੋਗ ਕਿਰਿਆਵਾਂ ਹਨ।
ਸੰਸਕਾਰ ਸਹਿਣਸ਼ੀਲਤਾ ਸਹਿਯੋਗ ਸਵੱਛਤਾ ਅਤੇ ਕਸਰਤਾਂ ਹੀ ਅਸਲੀ ਯੋਗ ਕਿਰਿਆਵਾਂ ਰਾਜਿੰਦਰ ਲਾਂਬਾ
