ਹੁਸ਼ਿਆਰਪੁਰ:- ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਵੱਲੋਂ ਅੱਜ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੁੱਖ ਮੰਤਰੀ ਸਿਹਤ ਯੋਜਨਾ (ਐਮ.ਐਮ.ਐਸ.ਵਾਈ.) ਦੀ ਪ੍ਰਗਤੀ ਸਬੰਧੀ ਵੀਡੀਓ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਯੋਜਨਾ ਦੇ ਟਾਰਗੇਟ ਨੂੰ 13 ਅਪ੍ਰੈਲ 2026 ਤੱਕ ਹਰ ਹਾਲਤ ਵਿੱਚ ਪੂਰਾ ਕਰਨ ਲਈ ਨਿਰਦੇਸ਼ ਦਿੱਤੇ। 
ਸਿਵਲ ਸਰਜਨ ਨੇ ਉਹਨਾਂ ਬਲਾਕਾਂ ਦੀ ਸਰਾਹਨਾ ਕੀਤੀ, ਜਿੱਥੇ ਆਸ਼ਾ ਵਰਕਰਾਂ ਵੱਲੋਂ ਵੱਧ ਗਿਣਤੀ ਵਿੱਚ ਕਾਰਡ ਬਣਾਏ ਗਏ ਹਨ ਅਤੇ ਦੱਸਿਆ ਕਿ ਉਨ੍ਹਾਂ ਦੇ ਕੰਮ ਦੀ ਡਿਪਟੀ ਕਮਿਸ਼ਨਰ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਹੈ। ਉਨ੍ਹਾਂ ਨਾਲ ਹੀ ਘੱਟ ਪ੍ਰਗਤੀ ਵਾਲੇ ਬਲਾਕਾਂ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਤੁਰੰਤ ਸੁਧਾਰ ਕਰਨ ਅਤੇ ਆਸ਼ਾ ਵਰਕਰਾਂ ਦੀ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ। 
ਉਨ੍ਹਾਂ ਕਿਹਾ ਕਿ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿੱਚ ਕਮਿਊਨਿਟੀ ਹੈਲਥ ਅਫਸਰਾਂ ਰਾਹੀਂ ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਰੋਜ਼ਾਨਾ ਘੱਟੋ-ਘੱਟ 25 ਕਾਰਡ ਬਣਾਏ ਜਾਣ ਅਤੇ ਇਸ ਕੰਮ ਦੀ ਨਿਯਮਿਤ ਸਮੀਖਿਆ ਕੀਤੀ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਲਈ ਕੁੱਲ 2 ਲੱਖ 31 ਹਜ਼ਾਰ ਕਾਰਡ ਬਣਾਉਣ ਦਾ ਟਾਰਗੇਟ ਨਿਰਧਾਰਤ ਹੈ, ਜਿਸ ਵਿੱਚੋਂ ਲਗਭਗ 70 ਹਜ਼ਾਰ ਕਾਰਡ ਹਾਲੇ ਬਣਾਉਣ ਬਾਕੀ ਹਨ। ਇਸ ਲਈ ਸਾਰੇ ਸਿਹਤ ਕਰਮਚਾਰੀ ਟੀਮ ਵਰਕ ਨਾਲ ਇਸ ਮੁਹਿੰਮ ਨੂੰ ਤੇਜ਼ ਕਰਕੇ ਟਾਰਗੇਟ ਪੂਰਾ ਕਰਨ।