ਮਾਹਿਲਪੁਰ,  23 ਜੁਲਾਈ - ਰੌਣਕੀ ਸਾਵਨ ਮੇਲਾ ਤੀਆਂ ਦਾ ਸੁਸਾਇਟੀ ਰਜਿਸਟਰਡ ਪਿੰਡ ਮਹਿਮਦੋਵਾਲ ਖੁਰਦ ਵੱਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਹਿਮਦੋਵਾਲ ਖੁਰਦ ਵਿਖੇ ਤੀਆਂ ਦਾ ਮੇਲਾ ਕਰਵਾਇਆ ਗਿਆ। ਸਮਾਗਮ ਵਿੱਚ ਆਮ ਆਦਮੀ ਪਾਰਟੀ ਤੋਂ ਹਲਕੇ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਦੀ ਭਰਜਾਈ ਅਤੇ ਡਾਕਟਰ ਜਤਿੰਦਰ ਕੁਮਾਰ ਦੀ ਧਰਮ ਪਤਨੀ ਮੈਡਮ ਸੋਨੀਆ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।   ਇਸ ਮੌਕੇ ਉਹਨਾਂ ਇਸ ਸਮਾਗਮ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੇਲੇ ਸਾਡੀ ਪੁਰਾਤਨ ਸੰਸਕ੍ਰਿਤੀ ਦਾ ਪ੍ਰਤੀਕ ਹਨ।  ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਇਸ ਤਰ੍ਹਾਂ ਦੇ ਮੇਲੇ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ। ਇਸ ਮੌਕੇ ਉਹਨਾਂ ਕੁੜੀਆਂ ਨਾਲ ਗਿੱਧਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।  ਸੁਸਾਇਟੀ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਪੰਜਾਬੀ ਸੱਭਿਆਚਾਰ ਦਾ ਚਿੰਨ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਕਮਲਜੀਤ ਕੌਰ ਸਾਬਕਾ ਸਰਪੰਚ, ਸਰਪੰਚ ਗੁਰਮਿੰਦਰ ਸਿੰਘ, ਸੂਰਜ ਸਿੰਘ, ਤਰਸੇਮ ਸਿੰਘ ਲੰਬੜਦਾਰ, ਸੋਡੀ ਸਿੰਘ, ਗੁਰਮੁਖ ਸਿੰਘ ਗੋਪੀ, ਰਘਵੀਰ ਕੌਰ, ਮੋਹਨ ਕੌਰ, ਇੰਦਰਜੀਤ ਕੌਰ, ਬਲਵੀਰ ਕੌਰ, ਦਿਲਜੀਤ ਕੌਰ, ਗਗਨਦੀਪ ਕੌਰ, ਪਰਮਜੀਤ ਕੌਰ, ਰਣਜੀਤ ਕੌਰ ਅਤੇ ਰਿੰਕੀ ਸਮੇਤ ਪਿੰਡ ਦੇ ਮੋਹਤਵਰ ਵਿਅਕਤੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਸੁਸਾਇਟੀ ਵੱਲੋਂ ਇੱਕ ਦਿਨ ਪਹਿਲਾਂ ਕਰਵਾਈ ਗਈ ਮਹਿੰਦੀ ਦੀ ਰਸਮ ਵਿੱਚ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਚਾਂਦੀ ਦੀ ਚੇਨੀ ਅਤੇ ਮੁੰਦੀ ਦਿੱਤੀ ਗਈ।  ਉੱਘੀ ਫੁਟਬਾਲ ਖਿਡਾਰਨ ਜਸਪ੍ਰੀਤ ਕੌਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।  ਪਿੰਡ ਦੀਆਂ ਨੂੰਹਾਂ- ਧੀਆਂ ਨੇ ਰਲ- ਮਿਲ ਕੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਗੀਤ,ਸਕਿੱਟਾਂ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਅਤੇ ਸਮਾਗਮ ਦੇ ਅਖੀਰ ਵਿੱਚ ਸਮਾਗਮ ਵਿੱਚ ਹਾਜ਼ਰ ਸਾਰੀਆਂ ਹੀ ਔਰਤਾਂ ਨੇ ਰਲ ਮਿਲ ਕੇ ਗਿੱਧਾ ਪਾ ਕੇ ਪੁਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕੀਤਾ।  ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਕਮਲਜੀਤ ਕੌਰ ਸਾਬਕਾ ਸਰਪੰਚ ਨੇ ਇਸ ਸਮਾਗਮ ਦੇ ਸਹਿਯੋਗੀ ਸਮੁੱਚੇ ਨਗਰ ਨਿਵਾਸੀ ਅਤੇ ਐਨ.ਆਰ.ਆਈ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।  ਸਮਾਗਮ ਦੇ ਅਖੀਰ ਵਿੱਚ ਖੀਰ- ਪੂੜੇ ਅਤੇ ਗੁਰੂ ਕਾ ਲੰਗਰ ਅਤੁੱਟ ਚੱਲਿਆ।  ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।