ਪਟਿਆਲਾ:- 80% ਤੋਂ ਵੱਧ ਬੱਚਿਆਂ, ਨੋਜਵਾਨਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ, ਆਪਦਾਵਾਂ, ਹਾਦਸਿਆਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਬੇਹੋਸ਼ੀ, ਅੱਗਾਂ, ਗੈਸਾਂ, ਬਿਜਲੀ ਪੈਟਰੋਲੀਅਮ ਘਟਨਾਵਾਂ ਕਾਰਨ ਹੋ ਰਹੀਆਂ ਹਨ ਇਸ ਲਈ ਸਾਨੂੰ ਆਪਣੀ  ਸੁਰੱਖਿਆ, ਸਹਾਇਤਾ, ਸਿਹਤ ਤੰਦਰੁਸਤੀ, ਸਨਮਾਨ, ਉਨਤੀ, ਖੁਸ਼ਹਾਲੀ ਲਈ ਵਿਸ਼ਾ ਮਾਹਿਰਾਂ ਰਾਹੀਂ ਟ੍ਰੇਨਿੰਗਾਂ ਅਤੇ ਗਿਆਨ ਲੈਣੇ ਚਾਹੀਦੇ ਹਨ। ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਹਮੇਸ਼ਾ ਪਾਲਣਾ ਕਰਨੀਆ ਚਾਹੀਦੀਆਂ ਹਨ। 
ਇਹ ਵਿਚਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਪਟਿਆਲਾ ਵਿਖੇ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਅਤੇ ਸਾਬਕਾ ਪੁਲਿਸ ਅਫਸਰ ਗੁਰਜਾਪ ਸਿੰਘ ਵੱਲੋਂ ਕਰਵਾਏ ਟ੍ਰੇਨਿੰਗ ਪ੍ਰੋਗਰਾਮ ਅਤੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਦੌਰਾਨ ਪ੍ਰਗਟ ਕੀਤੇ।     
ਪ੍ਰਿੰਸੀਪਲ ਸ੍ਰੀਮਤੀ ਸੀਮਾ ਉੱਪਲ ਅਤੇ ਸ਼੍ਰੀ ਰਾਮ ਲਾਲ ਗੋਇਲ ਵਾਈਸ ਪ੍ਰਿੰਸੀਪਲ ਨੇ  ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਸਾਰਿਆਂ ਵਲੋਂ ਘਰ ਪਰਿਵਾਰਾਂ ਗੱਡੀਆਂ ਇਮਾਰਤਾਂ ਤਾਂ ਬਣਾਈਆਂ ਹਨ ਪਰ ਉਨ੍ਹਾਂ ਦੀ ਸੁਰੱਖਿਆ, ਹਾਦਸੇ, ਦੁਰਘਟਨਾਵਾਂ ਰੋਕਣ ਅਤੇ ਐਮਰਜੈਂਸੀ ਦੌਰਾਨ ਬਚਾਉ ਕਰਨ ਦੀਆਂ ਟ੍ਰੇਨਿੰਗਾਂ ਅਭਿਆਸ ਨਾ ਹੋਣ ਕਾਰਨ, ਵੱਧ ਮੌਤਾਂ ਅਤੇ ਅਪਾਹਜਤਾਵਾ ਹੋ ਰਹੀਆਂ ਹਨ। 
ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਪਿਛਲੇ 45 ਸਾਲਾਂ ਤੋਂ ਨਿਸ਼ਕਾਮ ਭਾਵਨਾ ਨਾਲ ਮੁਫਤ ਵਿੱਚ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ, ਜ਼ੋ ਸੰਕਟ ਸਮੇਂ ਸੁਰੱਖਿਆ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ। 
ਅਨੇਕਾਂ ਦੇਸ਼ਾਂ ਵਿੱਚ ਜੰਗਾਂ ਦੌਰਾਨ ਘਾਤਕ ਮਿਜ਼ਾਇਲਾਂ, ਡਰੋਨਾਂ ਅਤੇ ਬੰਬਾਂ ਰਾਹੀਂ ਮਾਨਵਤਾ ਨੂੰ ਮਾਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਲਈ ਆਪਣੀ ਸੁਰੱਖਿਆ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ, ਹਰੇਕ ਨੋਜਵਾਨ ਅਤੇ ਨਾਗਰਿਕਾਂ ਨੂੰ ਮਦਦਗਾਰ ਫ਼ਰਿਸ਼ਤਿਆਂ ਵਾਂਗ, ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।