ਬੰਗਾ:- ਅੱਜ ਕਿਸਾਨ-ਮਜ਼ਦੂਰ-ਮੁਲਾਜ਼ਮ ਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਸੱਦੇ ਨੂੰ ਲਾਗੂ ਕਰਨ ਲਈ ਕਿਸਾਨ-ਮਜ਼ਦੂਰ ਅਤੇ ਪਾਵਰਕਾਮ ਦੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਖਟਕੜ ਕਲਾਂ ਵਿਖੇ  ਹੋਈ। 
ਜਿਸ ਵਿਚ ਮਲਕੀਤ ਸਿੰਘ ਮੰਢਾਲੀ ਸਰਕਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ, ਬਲਵਿੰਦਰ ਸਿੰਘ ਨੌਰਾ ਸਰਕਲ ਸਕੱਤਰ ਟੀਐੱਸਯੂ, ਨੰਦ ਲਾਲ ਸਰਕਲ ਪ੍ਰਧਾਨ ਟੀਐੱਸਯੂ(ਭੰਗਲ), ਅਸ਼ੋਕ ਕੁਮਾਰ ਜੇਈ ਸਰਕਲ ਸਕੱਤਰ ਇੰਪਲਾਈਜ਼ ਫੈੱਡਰੇਸ਼ਨ, ਕੰਵਰ ਜਸਵਿੰਦਰਪਾਲ ਸਿੰਘ ਸੂਬਾ ਸਕੱਤਰ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ, ਮਨੀਰਾਮ ਸਰਕਲ ਸਕੱਤਰ ਅਤੇ ਰਾਮ ਆਸਰਾ ਸਰਕਲ ਪ੍ਰਧਾਨ ਪੈਨਸ਼ਨਰ ਇੰਪਲਾਈਜ਼ ਫੈੱਡਰੇਸ਼ਨ, ਰਵੀ ਕੁਮਾਰ ਤੇ ਵਿਨੋਦ ਕੁਮਾਰ ਡਿਵੀਜ਼ਨ ਆਗੂ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਮੋਹਣ ਸਿੰਘ ਲੰਗੜੋਆ ਸੂਬਾ ਸਕੱਤਰ ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ), ਤਰਸੇਮ ਸਿੰਘ ਬੈਂਸ ਅਤੇ ਸੋਹਣ ਸਿੰਘ ਅਟਵਾਲ ਜ਼ਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ, ਬੂਟਾ ਸਿੰਘ ਮਹਿਮੂਦਪੁਰ ਸੂਬਾਈ ਆਗੂ ਜਮਹੂਰੀ ਅਧਿਕਾਰ ਸਭਾ, ਹਰੀਰਾਮ ਰਸੂਲਪੁਰੀ ਜ਼ਿਲ੍ਹਾ ਆਗੂ ਪੇਂਡੂ ਮਜ਼ਦੂਰ ਯੂਨੀਅਨ, ਹਰਪਾਲ ਸਿੰਘ ਜਗਤਪੁਰ ਜ਼ਿਲ੍ਹਾ ਆਗੂ ਜਮਹੂਰੀ ਕਿਸਾਨ ਸਭਾ, ਜੋਗਿੰਦਰਪਾਲ ਸੂਬਾ ਕਮੇਟੀ ਮੈਂਬਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਬਲਜੀਤ ਸਿੰਘ, ਬਲਵੀਰ ਸਿੰਘ, ਸੁੱਚਾ ਸਿੰਘ, ਗੁਰਦੀਪ ਸਿੰਘ ਸਾਹਲੋਂ ਅਤੇ ਇਨਕਲਾਬੀ ਗਾਇਕ ਧਰਮਿੰਦਰ ਮਸਾਣੀ ਸ਼ਾਮਲ ਹੋਏ।
 ਮੀਟਿੰਗ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਜਵੀਜ਼ਤ ਬਿਜਲੀ ਸੋਧ ਬਿੱਲ, ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਚਾਰ ਲੇਬਰ ਕੋਡ ਥੋਪਣਾ ਅਤੇ ਮਗਨਰੇਗਾ ਨੂੰ ਰੱਦ ਕਰਕੇ ਬਣਾਇਆ ਨਵਾਂ ਕਾਨੂੰਨ ‘ਜੀ ਰਾਮਜੀ’  ਅਤੇ ਮੁਕਤ ਵਪਾਰ ਸਮਝੌਤੇ ਨਾ ਸਿਰਫ਼ ਕਿਸਾਨਾਂ, ਮਜ਼ਦੂਰਾਂ, ਬਿਜਲੀ ਕਾਮਿਆਂ ਅਤੇ ਮਨਰੇਗਾ ਮਜ਼ਦੂਰਾਂ ਉੱਪਰ ਵੱਡੇ ਹਮਲੇ ਹਨ ਸਗੋਂ ਇਹ ਸਮੁੱਚੇ ਭਾਰਤੀ ਲੋਕਾਂ ਦੇ ਹਿਤਾਂ ਵਿਰੁੱਧ ਬਹੁਤ ਹੀ ਖ਼ਤਰਨਾਕ ਸਾਜਿਸ਼ ਹਨ। 
ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਨਿੱਜੀਕਰਨ-ਵਪਾਰੀਕਰਨ-ਕਾਰਪੋਰੇਟੀਕਰਨ ਦੇ ਇਨ੍ਹਾਂ ਹਮਲਿਆਂ ਦੇ ਖਿ਼ਲਾਫ਼ ਪੰਜਾਬ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ-ਨੌਜਵਾਨ, ਔਰਤਾਂ ਅਤੇ ਹੋਰ ਸੰਘਰਸ਼ਸ਼ੀਲ ਹਿੱਸੇ ਮਿਲਕੇ ਜ਼ੋਰਦਾਰ ਅੰਦੋਲਨ ਕਰਨਗੇ ਜਿਸਦੀ ਤਿਆਰੀ ਲਈ 28 ਦਸੰਬਰ ਤੋਂ 4 ਜਨਵਰੀ ਤੱਕ ਸਮੁੱਚੇ ਪੰਜਾਬ ਵਿਚ ਟਰੈਕਟਰ-ਵਹੀਕਲ ਮਾਰਚ, ਝੰਡਾ ਮਾਰਚ, ਢੋਲ ਮੁਜ਼ਾਹਰੇ, ਟਰੈਕਟਰ ਮਾਰਚ, ਮੋਟਰਸਾਈਕਲ ਮਾਰਚ, ਰੈਲੀਆਂ ਅਤੇ ਮੀਟਿੰਗਾਂ ਰਾਹੀਂ ਪ੍ਰਚਾਰ ਕਰਕੇ ਲੋਕਾਂ ਨੂੰ ਇਸ ਹਮਲੇ ਵਿਰੁੱਧ ਜਾਗਰੂਕ ਕੀਤਾ ਜਾਵੇਗਾ।  
ਇਸੇ ਸੱਦੇ ਦੇ ਤਹਿਤ ਆਗੂਆਂ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਜੋਸ਼ੋ-ਖ਼ਰੋਸ਼ ਨਾਲ ਟਰੈਕਟਰ-ਵਹੀਕਲ ਮਾਰਚ ਕਰਨ ਲਈ ਤਿਆਰੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਸਮੂਹ ਜਥੇਬੰਦੀਆਂ ਵੱਲੋਂ ਇਲਾਕਾ ਬੰਗਾ ਵਿਚ ਟਰੈਟਕਰ-ਵਹੀਕਲ ਮਾਰਚ 3 ਜਨਵਰੀ ਨੂੰ ਖਟਕੜ ਕਲਾਂ ਤੋਂ ਸ਼ੁਰੂ ਕੀਤਾ ਜਾਵੇਗਾ ਜੋ ਬੰਗਾ ਸ਼ਹਿਰ, ਭਰੋਮਜ਼ਾਰਾ-ਦੁਸਾਂਝ ਖ਼ੁਰਦ, ਭੂਖੜੀ-ਨਾਗਰਾ, ਕਰਨਾਣਾ, ਮਜਾਰਾ ਰਾਜਾ ਸਾਹਿਬ, ਗੁਣਾਂਚੌਰ-ਗਹਿਲ ਮਜਾਰੀ ਰੂਟ ਤੋਂ ਹੁੰਦਾ ਹੋਇਆ ਬੱਸ ਅੱਡਾ ਮੁਕੰਦਪੁਰ ਵਿਖੇ ਸਮਾਪਤ ਹੋਵੇਗਾ।
 ਆਗੂਆਂ ਨੇ ਨਿੱਜੀਕਰਨ-ਕਾਰਪੋਰੇਟੀਕਰਨ ਦੇ ਇਨ੍ਹਾਂ ਸਾਰੇ ਹਮਲਿਆਂ ਦੇ ਖਿਲਾਫ ਲੋਕਾਂ ਦੀ ਲਹਿਰ ਨੂੰ ਮਜ਼ਬੂਤ ਕਰਦਿਆਂ ਸੰਘਰਸ਼ਾਂ ਦੇ ਮੈਦਾਨ ਵਿੱਚ ਡਟ ਜਾਣ ਦਾ ਸੱਦਾ ਦਿੰਦਿਆਂ ਸਮੂਹ ਲੋਕਾਂ ਨੂੰ ਇਸ ਮਾਰਚ ਵਿਚ ਵਧ-ਚੜ੍ਹਕੇ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।