ਹੁਸ਼ਿਆਰਪੁ:- ਜੁਲਾਈ ਹੈਪਾਟਾਈਟਿਸ-ਸੀ (ਐਚ.ਸੀ.ਵੀ.) ਇੱਕ ਵਾਇਰਲ ਸੰਕਰਮਣ ਹੈ ਜੋ ਮੁੱਖ ਤੌਰ 'ਤੇ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਸ਼ੁਰੂਆਤੀ ਦੌਰ ਵਿੱਚ ਇਸ ਬਿਮਾਰੀ ਦੇ ਲੱਛਣ ਬਹੁਤ ਘੱਟ ਜਾਂ ਬਿਲਕੁਲ ਨਹੀਂ ਹੁੰਦੇ, ਜਿਸ ਕਾਰਨ ਕਈ ਲੋਕ ਸਾਲਾਂ ਤੱਕ ਇਸ ਬਿਮਾਰੀ ਨਾਲ ਪੀੜਤ ਰਹਿੰਦੇ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ। ਜੇਕਰ ਸਮੇਂ ਸਿਰ ਜਾਂਚ ਅਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਬਿਮਾਰੀ ਲਿਵਰ ਸਿਰੋਸਿਸ, ਲਿਵਰ ਫੇਲ੍ਹ ਹੋਣ ਅਤੇ ਲਿਵਰ ਕੈਂਸਰ ਵਰਗੀਆਂ ਗੰਭੀਰ ਸਥਿਤੀਆਂ ਦਾ ਕਾਰਨ ਬਣ ਸਕਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਹੈਪਾਟਾਈਟਿਸ-ਸੀ ਮੁੱਖ ਤੌਰ 'ਤੇ ਸੰਕਰਮਿਤ ਖੂਨ ਦੇ ਸੰਪਰਕ ਨਾਲ ਫੈਲਦਾ ਹੈ। ਇਸ ਲਈ ਕਦੇ ਵੀ ਕਿਸੇ ਹੋਰ ਦੀ ਵਰਤੀ ਹੋਈ ਸੂਈ ਜਾਂ ਸਰਿੰਜ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਟੈਟੂ, ਪੀਅਰਸਿੰਗ ਜਾਂ ਕਿਸੇ ਵੀ ਮੈਡੀਕਲ ਪ੍ਰਕਿਰਿਆ ਲਈ ਹਮੇਸ਼ਾ ਸਟੀਰਲ ਉਪਕਰਨਾਂ ਦੀ ਵਰਤੋਂ ਯਕੀਨੀ ਬਣਾਈ ਜਾਵੇ। ਸਿਰਫ਼ ਲਾਇਸੈਂਸਸ਼ੁਦਾ ਅਤੇ ਮਾਨਤਾ ਪ੍ਰਾਪਤ ਸਿਹਤ ਸੰਸਥਾਵਾਂ ਤੋਂ ਹੀ ਇਲਾਜ ਕਰਵਾਇਆ ਜਾਵੇ।
ਡਾ. ਮਨਦੀਪ ਕਮਲ ਨੇ ਕਿਹਾ ਕਿ ਹੈਪਾਟਾਈਟਿਸ-ਸੀ ਬਾਰੇ ਲੋਕਾਂ ਵਿੱਚ ਅਜੇ ਵੀ ਕਈ ਭਰਮ ਮੌਜੂਦ ਹਨ। ਇਹ ਬਿਮਾਰੀ ਹੱਥ ਮਿਲਾਉਣ, ਗਲੇ ਮਿਲਣ, ਇਕੱਠੇ ਬੈਠਣ, ਖਾਣਾ ਸਾਂਝਾ ਕਰਨ, ਪਾਣੀ ਪੀਣ ਜਾਂ ਮੱਛਰ ਦੇ ਕੱਟਣ ਨਾਲ ਨਹੀਂ ਫੈਲਦੀ। ਇਸ ਲਈ ਹੈਪਾਟਾਈਟਿਸ-ਸੀ ਨਾਲ ਪੀੜਤ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਸਮਾਜਿਕ ਅਤੇ ਪਰਿਵਾਰਕ ਸਹਿਯੋਗ ਦੀ ਲੋੜ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਖੂਨ ਚੜ੍ਹਾਇਆ ਗਿਆ ਹੋਵੇ, ਡਾਇਲਿਸਿਸ ਹੁੰਦੀ ਹੋਵੇ, ਇੰਜੈਕਸ਼ਨਾਂ ਰਾਹੀਂ ਨਸ਼ਾ ਕਰਨ ਦਾ ਇਤਿਹਾਸ ਹੋਵੇ ਜਾਂ ਜਿਨ੍ਹਾਂ ਨੇ ਅਸੁਰੱਖਿਅਤ ਢੰਗ ਨਾਲ ਟੈਟੂ ਜਾਂ ਪੀਅਰਸਿੰਗ ਕਰਵਾਈ ਹੋਵੇ, ਉਨ੍ਹਾਂ ਨੂੰ ਹੈਪਾਟਾਈਟਿਸ-ਸੀ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜੇਕਰ ਲਗਾਤਾਰ ਥਕਾਵਟ, ਭੁੱਖ ਨਾ ਲੱਗਣਾ, ਪੀਲੀਆ ਜਾਂ ਜਿਗਰ ਨਾਲ ਸੰਬੰਧਿਤ ਹੋਰ ਲੱਛਣ ਮਹਿਸੂਸ ਹੋਣ ਤਾਂ ਵੀ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੈਪਾਟਾਈਟਿਸ-ਸੀ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਪੂਰਾ ਇਲਾਜ ਕਰਵਾਉਣ ਨਾਲ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਅਤੇ ਲਿਵਰ ਦੀਆਂ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ।
ਹੈਪਾਟਾਈਟਿਸਸੀ ਦੀ ਸਮੇਂ ਸਿਰ ਜਾਂਚ ਅਤੇ ਜਾਗਰੂਕਤਾ ਹੀ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਡਾ ਮਨਦੀਪ ਕਮਲ
