ਚੰਡੀਗੜ੍ਹ:- ਪੰਜਾਬ ਕਾਂਗਰਸ ਦੀ ਲੀਡਰਸ਼ਿਪ ’ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਇੱਕਜੁੱਟ ਹੋ ਕੇ ਲੜੇਗੀ। ਇਹ ਸੁਨੇਹਾ ਅੱਜ ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਦਿੱਲੀ ’ਚ ਮੀਟਿੰਗ ’ਚ ਦਿੱਤਾ। ਹਾਈਕਮਾਨ ਦੇ ਇਸ ਫ਼ੈਸਲੇ ਨੇ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਦਲਣ ਦੀਆਂ ਅਟਕਲਾਂ ਨੂੰ ਵਿਰਾਮ ਦੇ ਦਿੱਤਾ ਹੈ।
ਹਾਈਕਮਾਨ ਨੇ ਲੀਡਰਸ਼ਿਪ ਨੂੰ ਸਖ਼ਤ ਸ਼ਬਦਾਂ ’ਚ ਇਹ ਵੀ ਸੁਨੇਹਾ ਦਿੱਤਾ ਹੈ ਕਿ ਸੂਬਾਈ ਕਾਂਗਰਸ ’ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦਿੱਲੀ ਵਿਖੇ ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ’ਚ ਪੰਜਾਬ ਦੇ ਸੀਨੀਅਰ ਨੇਤਾਵਾਂ ਨਾਲ ਰਾਜਸੀ ਮੰਥਨ ਕਰਨ ਮਗਰੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ’ਚ ਕੋਈ ਬਦਲਾਓ ਨਹੀਂ ਹੋਵੇਗਾ ਅਤੇ ਕਾਂਗਰਸ ਇੱਕਜੁੱਟ ਹੋ ਕੇ ਪੰਜਾਬ ਚੋਣਾਂ ’ਚ ਕੁੱਦੇਗੀ। ਉਨ੍ਹਾਂ ਕਿਹਾ ਕਿ ਸੂਬਾਈ ਕਾਂਗਰਸ ’ਚ ਕਿਸੇ ਤਰ੍ਹਾਂ ਦੀ ਗੁੱਟਬੰਦੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਵੇਣੂਗੋਪਾਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਮੰਚਾਂ ਅਤੇ ਮੀਡੀਆ ’ਚ ਕੋਈ ਵੀ ਆਗੂ ਕਿਸੇ ਤਰ੍ਹਾਂ ਦੀ ਇੱਕ ਦੂਸਰੇ ਪ੍ਰਤੀ ਜਨਤਿਕ ਬਿਆਨਬਾਜ਼ੀ ਨਹੀਂ ਕਰੇਗੀ ਅਤੇ ਪਾਰਟੀ ਮੰਚ ਦੇ ਆਪਣੀ ਗੱਲ ਰੱਖੇਗਾ। ਵੇਣੂਗੋਪਾਲ ਨੇ ਕਿਹਾ ਕਿ ਪੰਜਾਬ ਲੀਡਰਸ਼ਿਪ ਨੂੰ ਹਦਾਇਤ ਕੀਤੀ ਹੈ ਕਿ ਹਾਈ ਕਮਾਨ ਨੂੰ ਧੜਿਆਂ ’ਚ ਮਿਲਣ ਜਾਂ ਚਿੱਠੀਆਂ ਲਿਖਣ ਨੂੰ ਬਰਦਾਸ਼ਤ ਨਹੀਂ ਕਰੇਗੀ। ਵਿਅਕਤੀਗਤ ਤੌਰ ’ਤੇ ਕੋਈ ਵੀ ਨੇਤਾ ਹਾਈ ਕਮਾਨ ਨੂੰ ਮਿਲ ਸਕਦਾ ਹੈ।
ਦੱਸਣਯੋਗ ਹੈ ਕਿ ਕਾਂਗਰਸ ਹਾਈ ਕਮਾਨ ਨੇ ਅੱਜ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨਾਲ ਨਜਿੱਠਣ ਲਈ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਸੱਦੀ ਹੋਈ ਸੀ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਦੀ ਦਿੱਲੀ ਵਿਚਲੀ ਰਿਹਾਇਸ਼ ’ਤੇ ਹੋਈ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਪਾਰਟੀ ਪ੍ਰਧਾਨ ਖੜਗੇ, ਸੀਨੀਅਰ ਆਗੂ ਰਾਹੁਲ ਗਾਂਧੀ, ਕੇ.ਸੀ ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਸ਼ਾਮਲ ਹਨ।
ਮੀਟਿੰਗ ਮਗਰੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਪਾਰਟੀ ਕਿਸੇ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰੇਗੀ ਅਤੇ ਇੱਕਜੁੱਟਤਾ ਨਾਲ ਚੋਣਾਂ ’ਚ ਉੱਤਰੇਗੀ। ਉਨ੍ਹਾਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਾਫ਼ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ’ਚ ਚੋਣ ਲੜਾਂਗੇ। ਮੀਟਿੰਗ ਮਗਰੋਂ ਮੀਡੀਆ ਅੱਗੇ ਪੰਜਾਬ ਦੇ ਸਾਰੇ ਨੇਤਾਵਾਂ ਨੂੰ ਹੱਥ ’ਚ ਹੱਥ ਪਾ ਕੇ ਇੱਕਜੁੱਟਤਾ ਦਾ ਸੁਨੇਹਾ ਦਿੱਤਾ। ਪੰਜਾਬ ਦੇ ਕਿਸੇ ਨੇਤਾ ਨੇ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ।
ਮੀਟਿੰਗ ’ਚ ਸਿਆਸੀ ਮਾਮਲਿਆਂ ਦੀ ਕਮੇਟੀ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਆਗੂ ਅੰਬਿਕਾ ਸੋਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ, ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਤੋਂ ਇਲਾਵਾ ਸੰਸਦ ਮੈਂਬਰ ਡਾ. ਅਮਰ ਸਿੰਘ ਆਦਿ ਵੀ ਮੀਟਿੰਗ ’ਚ ਸ਼ਾਮਲ ਹੋਏ।
ਚੇਤੇ ਰਹੇ ਕਿ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਪ੍ਰਮੁੱਖ ਅਹੁਦਿਆਂ ਤੇ ਦਲਿਤ ਵਰਗ ਦੀ ਅਣਦੇਖੀ ਵਾਲੇ ਬਿਆਨ ਨੂੰ ਲੈ ਕੇ ਕਈ ਦਿਨਾਂ ਤੋਂ ਪਾਰਟੀ ਅੰਦਰ ਸਿਆਸੀ ਘਮਸਾਣ ਮੱਚਿਆ ਹੋਇਆ ਹੈ। ਬੇਸ਼ੱਕ ਚੰਨੀ ਨੇ ਦੋ ਵਾਰ ਇਸ ਮਾਮਲੇ ’ਤੇ ਸਫ਼ਾਈ ਵੀ ਜਨਤਿਕ ਤੌਰ ’ਤੇ ਪੇਸ਼ ਕੀਤੀ ਪ੍ਰੰਤੂ ਮਾਮਲਾ ਠੰਢਾ ਨਹੀਂ ਹੋਇਆ। ਜਾਤ ਪਾਤ ਦੀ ਸਿਆਸਤ ਨੂੰ ਲੈ ਕੇ ਪੰਜਾਬ ਕਾਂਗਰਸ ’ਚ ਮੁੜ ਲਕੀਰ ਖਿੱਚੀ ਜਾਣ ਲੱਗੀ ਸੀ।
ਪੰਜਾਬ ਕਾਂਗਰਸ ਦੀ ਲੀਡਰਸ਼ਿਪ ਚ ਨਹੀਂ ਹੋਵੇਗਾ ਬਦਲਾਅ ਦਿੱਲੀ ਚ ਹੋਈ ਮੀਟਿੰਗ ਚ ਕਾਂਗਰਸੀ ਆਗੂਆਂ ਨੂੰ ਤਾੜਨਾ
