ਮਾਹਿਲਪੁਰ, 4 ਜੂਨ- ਇਲਾਕੇ ਦੇ ਉਘੇ ਸਮਾਜ ਸੇਵਕ ਅਤੇ ਕਿਸਾਨ ਆਗੂ ਤਲਵਿੰਦਰ ਹੀਰ ਨੰਗਲ ਖਿਡਾਰੀਆਂ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਇੱਕ ਬਹੁ ਕੌਮੀ, ਬਹੁ ਜਾਤੀ,ਬਹੁ ਭਾਸ਼ਾਈ,ਬਹੁ ਇਲਾਕਾਈ,ਬਹੁ ਧਰਮੀ ਦੇਸ਼ ਹੈ। ਭਾਰਤੀ ਸੰਵਿਧਾਨ ਨੂੰ ਸਾਡੇ ਮਾਹਿਰਾਂ ਨੇ ਧਰਮ ਨਿਰਪੱਖ ਬਣਾਇਆ ਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਆਜ਼ਾਦੀ ਤੇ ਬਰਾਬਰੀ ਨਾਲ ਜਿਊਂਣ ਦਾ ਹੱਕ ਦਿੱਤਾ। 
ਪਰ ਦੇਸ਼ ਦੇ ਲੋਕਾਂ ਦੀ ਬਦਕਿਸਮਤੀ ਰਹੀ ਕਿ ਅੱਜ ਤੱਕ ਜਿੰਨੇ ਵੀ ਵਿਦੇਸ਼ੀ ਤੇ ਦੇਸੀ ਹਾਕਮ ਸੱਤਾ ਦੇ ਤਖ਼ਤ ਤੇ ਬੈਠੇ ਸਾਰਿਆਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣ ਲਈ ਜਾਤਾਂ, ਧਰਮਾਂ ਤੇ ਇਲਾਕਿਆਂ ਦੇ ਨਾਂ ਤੇ ਵੰਡਣ ਤੇ ਆਪੋ ਵਿੱਚ ਲੜਾ ਕੇ ਖੂਨ ਖ਼ਰਾਬਾ ਕਰਾਉਣ ਲਈ ਪੂਰਾ ਜ਼ੋਰ ਲਾਇਆ। 
ਅਨੇਕਾਂ ਬੇਕਸੂਰ ਜ਼ਿੰਮੇਵਾਰ ਵਤਨ ਪ੍ਰਸਤ ਨਾਗਰਿਕਾਂ ਨੂੰ ਬਿਨਾਂ ਵਜ੍ਹਾ ਬਦਨਾਮ ਕਰਕੇ ਹਾਕਮਾਂ ਨੇ ਮੌਤ ਦੇ ਘਾਟ ਉਤਾਰਿਆ ਫਿਰ ਲਾਸ਼ਾਂ ਤੇ ਸਿਆਸਤ ਕਰ ਤਖ਼ਤ ਤੇ ਕਾਬਜ਼ ਹੋਏ।1947 ਅਤੇ 1984 'ਚ ਸਿਆਸਤਦਾਨਾਂ ਵਲੋਂ ਮਾਨਵਤਾ ਨੂੰ ਦਿੱਤੇ ਜਖ਼ਮ ਅਜੇ ਵੀ ਅੱਲੇ ਹਨ। ਇਹੋ ਜਿਹੇ ਹਾਲਾਤ ਸਿਰਜਣ ਲਈ ਸਿਲਸਿਲਾ ਅੱਜ ਵੀ ਪੂਰੇ ਜ਼ੋਰ ਸ਼ੋਰ ਨਾਲ ਚਲਾਇਆ ਜਾ ਰਿਹੈ। 
ਹਰ ਰੋਜ਼ ਅਨੇਕਾਂ ਬੇਕਸੂਰ ਨਾਗਰਿਕਾਂ ਨੂੰ ਸੱਤਾ ਦੇ ਨਸ਼ੇ 'ਚ ਮਗ਼ਰੂਰ ਹਾਕਮਾਂ ਵਲੋਂ ਮੌਤ ਦੇ ਘਾਟ ਉਤਾਰਿਆ ਜਾ ਰਿਹੈ। ਉਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਤੇ ਇਨਸਾਫ਼ ਦੀ ਮੰਗ ਕਰਨ ਵਾਲੇ ਲੇਖਕਾਂ ਤੇ ਜ਼ਿੰਮੇਵਾਰ ਨਾਗਰਿਕਾਂ ਨੂੰ ਚੁਣ ਚੁਣ ਕੇ ਸਰਕਾਰੀ ਦਹਿਸ਼ਤਪਸੰਦੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਤੇ ਉਮਰ ਭਰ ਲਈ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹੈ। ਕਾਨੂੰਨ ਦੇ ਰਾਖੇ ਮਜ਼ਬੂਰੀ ਵੱਸ ਹਾਕਮਾਂ ਦੇ ਇਸ਼ਾਰੇ ਤੇ ਨੱਚ ਰਹੇ ਹਨ। ਕਿਧਰੇ ਕੋਈ ਅਪੀਲ ਦਲੀਲ ਇਨਸਾਫ਼ ਨਹੀਂ।
 ਇਨੀਂ ਦਿਨੀਂ ਹੀ ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੇ ਪੁੰਜ ਪੰਜਵੇਂ ਪਾਤਸ਼ਾਹ ਨੂੰ ਸਮੇਂ ਦੇ ਜ਼ਾਲਮ ਹਾਕਮ ਨੇ ਇਸ ਕਰਕੇ ਅਸਿਹ ਤੇ ਅਕਹਿ ਕਸ਼ਟ ਦੇ ਕੇ ਸ਼ਹੀਦ ਕੀਤਾ ਸੀ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਬਰਾਬਰਤਾ ਦੇ ਸਿਧਾਂਤ ਨੂੰ ਅਪਣਾਉਣ ਤੇ ਜ਼ੋਰ ਦਿੱਤਾ ਸੀ। ਜਾਬਰ ਜਹਾਂਗੀਰ ਨੇ ਇਹ ਵੀ ਯਾਦ ਨਾ ਰੱਖਿਆ ਕਿ ਸਾਂਝੀਵਾਲਤਾ ਤੇ ਮਾਨਵਤਾ ਦੇ ਰਾਖੇ ਪੰਜਵੇਂ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਮੌਕੇ ਨੀਂਹ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਤੇ ਫਿਰ ਚਾਰ ਦਰਵਾਜ਼ੇ ਰੱਖ ਕੇ ਸਾਰੇ ਧਰਮਾਂ ਦੇ ਲੋਕਾਂ ਦੇ ਦਾਖਲੇ ਨੂੰ ਹਮੇਸ਼ਾ ਲਈ ਪ੍ਰਵਾਨਗੀ ਦਿੱਤੀ ਸੀ। 
ਗੁਰੂ ਸਾਹਿਬਾਂ ਨੇ ਆਪਣੀਂ ਵਿਚਾਰਧਾਰਾ ਨੂੰ ਪੂਰੀ ਮਾਨਵਤਾ ਦੀ ਏਕਤਾ ਤੇ ਸਾਂਝੀਵਾਲਤਾ ਤੇ ਆਧਾਰਿਤ ਰੱਖਿਆ।ਤੱਤੀ ਤਵੀ ਤੇ ਬੈਠੇ ਤੱਤਾ ਰੇਤਾ ਸੀਸ ਤੇ ਪਵਾ ਅਡੋਲ ਚਿੱਤ ਮਾਨਵਤਾ ਦੇ ਭਲੇ ਲਈ ਸ਼ਹਾਦਤ ਦੇ ਗਏ। ਫਿਰ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਹੱਕਾਂ ਤੇ ਦੂਜੇ ਧਰਮ ਦੇ ਲੋਕਾਂ ਲਈ ਸ਼ਹਾਦਤ ਦੇ ਕੇ ਬੇਆਸਰੇ ਤੇ ਨਿਮਾਣੇਂ ਲੋਕਾਂ ਨੂੰ ਨਿਰਭੈਅ ਹੋ ਕੇ ਜ਼ਿੰਦਗੀ ਜਿਊਂਣ ਦਾ ਬਲ ਬਖਸ਼ਿਆ।
ਪਰ ਸਦੀਆਂ ਬੀਤਣ ਦੇ ਬਾਅਦ ਵੀ ਦਸ ਗੁਰੂ ਸਾਹਿਬਾਨਾਂ ਵਲੋਂ ਦਿੱਤੇ ਸਾਂਝੀਵਾਲਤਾ ਤੇ ਬਰਾਬਰਤਾ ਦੇ ਸਿਧਾਂਤ ਨੂੰ ਸਮੇਂ ਦੇ ਹਾਕਮਾਂ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।ਜਾਬਰ ਹਾਕਮਾਂ ਵਲੋਂ ਵਾਰ ਵਾਰ ਹਰਿਮੰਦਰ ਸਾਹਿਬ ਤੇ ਹਮਲੇ ਕਰਕੇ ਆਪੋ ਆਪਣੇ ਨੂੰ ਤਾਕਤਵਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਪਰ "ਸਭੈ ਸਾਂਝੀਵਾਲ ਸਦਾਇਨ ਕੋਇ ਨਾ ਦੀਸੈ ਬਾਹਰਾ" ਦੇ ਸਿਧਾਂਤ ਨੂੰ ਢਾਹ ਨਾ ਲਾ ਸਕੇ ਤੇ ਆਪਣੀਆਂ ਜੜ੍ਹਾਂ ਆਪਣੇ ਹੱਥੀਂ ਪੁੱਟਦੇ ਰਹੇ। 
ਅੱਜ ਵੀ ਦੇਸ਼ ਨੂੰ ਹਾਕਮਾਂ ਵਲੋਂ ਆਪੇ ਪੈਦਾ ਕੀਤੀ ਸੰਕਟਮਈ ਸਥਿਤੀ ਚੋਂ ਕੱਢਣ ਲਈ ਪੂਰੇ ਦੇਸ਼ ਦੇ ਇਨਸਾਫ਼ਪਸੰਦ ਕਿਰਤੀ ਲੋਕਾਂ ਨੂੰ ਹਕੂਮਤੀ ਦਹਿਸ਼ਤਗਰਦੀ ਤੇ ਜ਼ਬਰ ਜ਼ੁਲਮ ਵਿਰੁੱਧ ਸਾਂਝੇ ਸੰਘਰਸ਼ ਕਰਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣਾਂ ਪਵੇਗਾ। ਆਪਣੇ ਗੁਰੂ ਸਾਹਿਬਾਨਾਂ ਤੇ ਦੇਸ਼ ਦੀ ਆਜ਼ਾਦੀ ਖਾਤਰ ਜਾਨਾਂ ਕੁਰਬਾਨ ਗਏ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਮਾਨਵਤਾ ਦੀ ਭਲਾਈ ਲਈ ਨਿਰੰਤਰ ਯਤਨਸ਼ੀਲ ਰਹਿਣਾ ਪਵੇਗਾ।