ਚੰਡੀਗੜ੍ਹ, 3 ਸਤੰਬਰ:- ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਭਰੋਸੇਯੋਗ, ਚੰਗੀ ਵੋਲਟੇਜ ਅਤੇ ਨਿਰਵਿਘਨ ਬਿਜਲੀ ਸਪਲਾਈ ਲਈ ਵਚਨਬੱਧ ਹੈ। 'ਪੂਰਨ ਖਪਤਕਾਰ ਸੰਤੁਸ਼ਟੀ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਿਜਲੀ ਨਿਗਮ ਵੱਲੋਂ ਕਈ ਅਭਿਲਾਸ਼ੀ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਤਾਂ ਜੋ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਤੇਜ਼ੀ ਨਾਲ ਹੱਲ ਕੀਤਾ ਜਾ ਸਕੇ।
ਬਿਜਲੀ ਨਿਗਮ ਦੇ ਬੁਲਾਰੇ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੋਨਲ ਖਪਤਕਾਰ ਸ਼ਿਕਾਇਤ ਨਿਵਾਰਨ ਮੰਚ ਰੈਗੂਲੇਸ਼ਨ 2.8.2 ਦੇ ਅਨੁਸਾਰ ਹਰੇਕ ਮਾਮਲੇ ਵਿੱਚ 1 ਲੱਖ ਰੁਪਏ ਤੋਂ ਵੱਧ ਅਤੇ 3 ਲੱਖ ਰੁਪਏ ਤੱਕ ਦੀ ਰਕਮ ਦੇ ਵਿੱਤੀ ਵਿਵਾਦਾਂ ਨਾਲ ਸਬੰਧਤ ਸ਼ਿਕਾਇਤਾਂ ਦੀ ਸੁਣਵਾਈ ਕਰੇਗਾ। ਪੰਚਕੂਲਾ ਜ਼ੋਨ ਦੇ ਅਧੀਨ ਆਉਣ ਵਾਲੇ ਜ਼ਿਲ੍ਹਿਆਂ ਯਾਨੀ ਕੁਰੂਕਸ਼ੇਤਰ, ਅੰਬਾਲਾ, ਪੰਚਕੂਲਾ, ਕੈਥਲ ਅਤੇ ਯਮੁਨਾਨਗਰ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ 07, 14, 21 ਅਤੇ 28 ਸਤੰਬਰ ਨੂੰ ਜ਼ੋਨਲ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ, ਪੰਚਕੂਲਾ ਵਿਖੇ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਚਕੂਲਾ ਜ਼ੋਨ ਦੇ ਅਧੀਨ ਆਉਣ ਵਾਲੇ ਜ਼ਿਲ੍ਹਿਆਂ ਦੇ ਖਪਤਕਾਰਾਂ ਦੇ ਗਲਤ ਬਿੱਲਾਂ, ਬਿਜਲੀ ਦੀਆਂ ਦਰਾਂ ਨਾਲ ਸਬੰਧਤ ਮਾਮਲਿਆਂ, ਮੀਟਰ ਸੁਰੱਖਿਆ ਨਾਲ ਜੁੜੇ ਮਾਮਲਿਆਂ, ਖਰਾਬ ਹੋਏ ਮੀਟਰਾਂ ਨਾਲ ਸਬੰਧਤ ਮਾਮਲਿਆਂ, ਵੋਲਟੇਜ ਨਾਲ ਜੁੜੇ ਹੋਏ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਦੌਰਾਨ ਬਿਜਲੀ ਚੋਰੀ, ਬਿਜਲੀ ਦੀ ਦੁਰਵਰਤੋਂ ਅਤੇ ਘਾਤਕ-ਗੈਰ ਘਾਤਕ ਹਾਦਸੇ ਆਦਿ ਮਾਮਲਿਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਖਪਤਕਾਰ ਅਤੇ ਨਿਗਮ ਵਿਚਕਾਰ ਕਿਸੇ ਵੀ ਵਿਵਾਦ ਦੇ ਨਿਪਟਾਰੇ ਲਈ ਫੋਰਮ ਵਿੱਚ ਵਿੱਤੀ ਵਿਵਾਦਾਂ ਨਾਲ ਸਬੰਧਤ ਸ਼ਿਕਾਇਤ ਪੇਸ਼ ਕਰਨ ਤੋਂ ਪਹਿਲਾਂ ਪਿਛਲੇ ਛੇ ਮਹੀਨਿਆਂ ਦੌਰਾਨ ਖਪਤਕਾਰ ਵੱਲੋਂ ਭੁਗਤਾਨ ਕੀਤੇ ਗਏ ਬਿਜਲੀ ਦੇ ਔਸਤ ਚਾਰਜ ਦੇ ਆਧਾਰ 'ਤੇ ਗਣਨਾ ਕੀਤੀ ਗਈ ਹਰੇਕ ਮਹੀਨੇ ਲਈ ਦਾਅਵਾ ਕੀਤੀ ਗਈ ਰਕਮ ਜਾਂ ਉਸ ਵੱਲੋਂ ਦੇਣ ਯੋਗ ਬਿਜਲੀ ਚਾਰਜ ਦੇ ਬਰਾਬਰ ਰਕਮ, ਜੋ ਘੱਟ ਹੈ, ਖਪਤਕਾਰ ਨੂੰ ਜਮ੍ਹਾਂ ਕਰਵਾਉਣੀ ਹੋਵੇਗੀ। 
ਇਸ ਦੌਰਾਨ ਖਪਤਕਾਰ ਨੂੰ ਪ੍ਰਮਾਣਿਤ ਕਰਨਾ ਹੋਵੇਗਾ ਕਿ ਇਹ ਮਾਮਲਾ ਅਦਾਲਤ, ਅਥਾਰਟੀ ਜਾਂ ਫੋਰਮ ਦੇ ਸਾਹਮਣੇ ਲੰਬਿਤ ਨਹੀਂ ਹੈ ਕਿਉਂਕਿ ਅਦਾਲਤ ਜਾਂ ਫੋਰਮ ਵਿੱਚ ਵਿਚਾਰਧੀਨ ਮਾਮਲਿਆਂ 'ਤੇ ਮੀਟਿੰਗ ਦੌਰਾਨ ਵਿਚਾਰ ਨਹੀਂ ਕੀਤਾ ਜਾਵੇਗਾ।