ਐਸ ਏ ਐਸ ਨਗਰ, 29 ਅਪਰੈਲ - ਕਾਂਗਰਸ ਪਾਰਟੀ ਵਲੋਂ ਲੋਕਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੂੰ ਪਾਰਟੀ ਟਿਕਟ ਦੇ ਕੇ ਉਮੀਦਵਾਰ ਬਣਾਇਆ ਹੈ। ਸ੍ਰੀ ਸਿੰਗਲਾ ਨੂੰ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਸੰਗਰੂਰ ਤੋਂ ਲੋਕਸਭਾ ਦੇ ਸਾਬਕਾ ਮੈਂਬਰ ਵੀ ਰਹੇ ਹਨ ਅਤੇ ਸੰਗਰੂਰ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ ਅਤੇ ਪੰਜਾਬ ਦੇ ਮੰਤਰੀ ਵੀ ਰਹੇ ਹਨ।
ਪਾਰਟੀ ਵਲੋਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸ੍ਰੀ ਸਿੰਗਲਾ ਨੇ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਵਲੋਂ ਉਹਨਾਂ ਨੂੰ ਲੋਕਾਂ ਦੀ ਸੇਵਾ ਦਾ ਮੌਕਾ ਦਿੱਤਾ ਹੈ। ਉਹਨਾਂ ਕਿਹਾ ਕਿ ਸਮੇਂ ਸਮੇਂ ਤੇ ਪਾਰਟੀ ਵਲੋਂ ਉਹਨਾਂ ਨੂੰ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਵੀ ਜਿੰਮੇਵਾਰੀਆਂ ਸੰਭਾਲੀਆਂ ਜਾਂਦੀਆਂ ਰਹੀਆਂ ਹਨ ਅਤੇ ਉਹਨਾਂ ਨੇ ਹਰ ਜਿੰਮੇਵਾਰੀ ਨੂੰ ਹਮੇਸ਼ਾ ਮਿਹਨਤ ਅਤੇ ਇਮਾਨਦਾਰੀ ਨਾਲ ਅਤੇ ਆਪਣੀ ਪੂਰੀ ਸਮਰਥਾ ਨਾਲ ਕੰਮ ਕਰਕੇ ਨਿਭਾਇਆ ਹੈ। ਉਹਨਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਅੱਜ ਪਾਰਟੀ ਨੇ ਮੌਕਾ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਪਹਿਲਾਂ ਸੰਗਰੂਰ ਦੇ ਵਿਕਾਸ ਲਈ ਕੰਮ ਕੀਤਾ ਹੈ ਅਤੇ ਉੱਥੇ ਕਈ ਅਹਿਮ ਪ੍ਰੋਜੈਕਟ ਲਿਆਂਦੇ ਹਨ ਉਸੇ ਤਰਜ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਵੀ ਵਿਕਾਸ ਦੀ ਜਰੂਰਤ ਹੈ ਅਤੇ ਇਲਾਕੇ ਨੂੰ ਅੱਗੇ ਲਿਜਾਣ ਦੀ ਲੋੜ ਹੈ ਤਾਂ ਜੋ ਲੋਕਾਂ ਦਾ ਭਵਿੱਖ ਬਿਹਤਰ ਹੋ ਸਕੇ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਰੁਜਗਾਰ ਮਿਲ ਸਕੇ। ਉਹਨਾਂ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਸੁਧਾਰ ਲਈ ਉਹਨਾਂ ਨੇ ਸੰਗਰੂਰ ਵਾਸਤੇ ਪੀ ਜੀ ਆਈ ਦਾ ਕੇਂਦਰ ਅਤੇ ਟਾਟਾ ਕੈਂਸਰ ਸੈਂਟਰ ਖੁਲਵਾਏ ਸੀ ਜਿੱਥੇ ਆਸ ਪਾਸ ਦੇ ਖੇਤਰਾਂ ਨੂੰ ਇਲਾਜ ਦੀ ਸਹੂਲੀਅਤ ਮਿਲਦੀ ਹੈ। ਉਹਨਾਂ ਕਿਹਾ ਕਿ ਮੁੱਲਾਪੁਰ ਵਿੱਚ ਖੁੱਲ੍ਹਿਆ ਕੈਂਸਰ ਹਸਪਤਾਲ ਵੀ ਉਸੇ ਨਾਲ ਜੁੜਿਆ ਸੀ ਉਸਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵਲੋਂ ਉਹਨਾਂ ਦਾ ਨਾਮ ਵੀ ਲਿਆ ਗਿਆ ਸੀ।
ਉਹਨਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀ ਧਰਤੀ ਗੁਰੂਆਂ ਦੀ ਧਰਤੀ ਹੈ ਅਤੇ ਉਹ ਕਿਸਮਤ ਵਾਲੇ ਹਨ ਕਿ ਉਹਨਾਂ ਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਖੇਤਰ ਦੇ ਵਿਕਾਸ ਵਾਸਤੇ ਜਿਹੜੇ ਕੰਮ ਹੋਣ ਵਾਲੇ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ।
ਕਾਂਗਰਸ ਪਾਰਟੀ ਨੇ ਹਲਕਾ ਆਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ
