ਹੁਸ਼ਿਆਰਪੁਰ - ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਨੇ ਗੱਲਬਾਤ ਕਰਦਿਆਂ ਦੱਸਿਆ ਅਨੀਮੀਆ ਬੱਚਿਆਂ ਦੀ ਸਿਹਤ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਇਹ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ, ਜਿਸ ਤੋਂ ਬੱਚੇ ਖ਼ਾਸ ਕਰਕੇ ਕੁੜੀਆਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਨਹੀਂ, ਸਗੋਂ ਕਈ ਬਿਮਾਰੀਆਂ ਦੀ ਜੜ੍ਹ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਵਿਚ ਹਮੇਸ਼ਾ ਥਕਾਵਟ ਰਹਿਣਾ, ਧੜਕਣ ਦਾ ਤੇਜ਼ ਹੋਣਾ ਅਤੇ ਅਚਾਨਕ ਘੱਟ ਜਾਣਾ, ਸਿਰ ਦਰਦ, ਪੂਰੇ ਸਰੀਰ ਅਤੇ ਹੱਡੀਆਂ ਵਿਚ ਦਰਦ, ਸਾਹ ਲੈਣ 'ਚ ਦਿੱਕਤ ਅਤੇ ਚਮੜੀ ਦਾ ਪੀਲਾਪਣ ਹੋਣਾ ਆਦਿ ਅਨੀਮੀਆ ਹੋਣ ਦੇ ਮੁੱਖ ਲੱਛਣ ਹੋ ਸਕਦੇ ਹਨ। ਉਨ੍ਹਾਂ ਦੱਸਿਆ ਅਨੀਮਿਕ ਕੁੜੀਆਂ ਕੁਪੋਸ਼ਣ ਦਾ ਸ਼ਿਕਾਰ ਹੋਣ ਤਾਂ ਉਨ੍ਹਾਂ ਦਾ ਸਾਰਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ।
ਡਾ. ਡਮਾਣਾ ਨੇ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਦੀਆਂ ਆਰਬੀਐਸਕੇ ਦੀਆਂ 29 ਹੈਲਥ ਟੀਮਾਂ ਨੇ ਆਪਣੇ ਆਪਣੇ ਏਰੀਆ ਵਿਚ 8 ਤੋਂ 10 ਗ੍ਰਾਮ ਐਚ ਬੀ ਵਾਲੀਆਂ ਕਿਸ਼ੋਰ ਕੁੜੀਆਂ ਦੀ ਭਾਲ ਕੀਤੀ ਸੀ। ਇਸ ਡਾਟਾ ਮੁਤਾਬਿਕ ‘ਹੰਸ ਫਾਊਂਡੇਸ਼ਨ’ ਜੋ ਕਿ ਇਕ ਐਨ ਜੀ ਓ ਹੈ ਉਹਨਾਂ ਨੇ ਚਾਰ ਲੱਖ ਆਈਰਨ ਫੋਲਿਕ ਐਸਿਡ ਦੀਆਂ ਗੋਲੀਆਂ ਜਿਸ ਦੀ ਕੀਮਤ ਲਗਭਗ ਸੱਤ ਲੱਖ ਰੁਪਏ ਹਨ, ਸਿਹਤ ਵਿਭਾਗ ਨੂੰ ਡੋਨੇਟ ਕੀਤੀਆਂ। ਇਹ ਗੋਲੀਆਂ ਇਹਨਾ ਅਨੀਮਿਕ ਕੁੜੀਆਂ ਨੂੰ ਤਿੰਨ ਤਿੰਨ ਮਹੀਨੇ ਲਈ ਦਿੱਤੀਆਂ ਜਾਣਗੀਆਂ ਤਾਂ ਜੋ ਉਹਨਾਂ ਦੇ ਐੱਚਬੀ ਪੱਧਰ ਵਿਚ ਸੁਧਾਰ ਕੀਤਾ ਜਾ ਸਕੇ।ਗੋਲੀਆਂ ਖਿਲਾਈਆਂ ਜਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਇਹਨਾ ਦਾ ਐੱਚਬੀ ਨੋਟ ਕੀਤਾ ਜਾਵੇਗਾ ਤਾਂ ਕਿ ਸੁਧਾਰ ਦਾ ਪਤਾ ਲਗਾਈਆਂ ਜਾ ਸਕੇ। ਇਹ ਗੋਲੀਆਂ ਸੰਬੰਧਿਤ ਐਸਐਮਓ ਦੁਆਰਾ ਲੋੜਵੰਦ ਲੜਕੀਆਂ ਤੱਕ ਪਹੁਚਾਈਆਂ ਜਾਣਾ ਯਕੀਨੀ ਬਣਾਇਆ ਜਾਵੇਗਾ। ਸਿਵਲ ਸਰਜਨ ਨੇ ਇਸ ਨੇਕ ਕਾਰਜ ਲਈ ਹੰਸ ਫਾਊਂਡੇਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।
