ਰਾਹੋਂ:- ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਰਾਹੋਂ ਦੇ ਚੀਫ਼ ਵਲੰਟੀਅਰ ਹਰਸ਼ਦੀਪ ਭਾਰਤੀ ਨੇ ਦੱਸਿਆ ਕਿ ਐੱਸ.ਸੀ. ਧਰਮਸ਼ਾਲਾ (ਗੁਰੂਦੁਆਰਾ ਸੱਚਖੰਡ ਸਾਹਿਬ) ਮੁੱਹਲਾ ਸਰਾਫਾਂ ਰਾਹੋਂ ਦੀ ਨਵੀਂ ਉਸਾਰੀ ਲਈ ਨਗਰ ਕੌਂਸਲ ਰਾਹੋਂ ਵੱਲੋਂ 6,36,125/-ਰੁ: ਦਾ ਐਸਟੀਮੇਟ ਅਕਤੂਬਰ 2020 ਵਿੱਚ ਬਣਾਇਆ ਗਿਆ ਸੀ। ਇਸ ਉਸਾਰੀ ਲਈ ਕੌਂਸਲ ਵੱਲੋਂ ਮਤਾ ਨੰ:-18 ਮਿਤੀ 11/01/2021 (ਐੱਸ.ਡੀ.ਐੱਮ. ਨਵਾਂਸ਼ਹਿਰ) ਪ੍ਰਵਾਨ ਕਰਕੇ ਇਸ ਦਾ ਟੈਂਡਰ ਵੀ ਕਾਲ ਕੀਤਾ ਗਿਆ ਸੀ। ਇਸ ਗ੍ਰਾਂਟ ਸਬੰਧੀ ਪੰਜਾਬ ਮਿਊਂਸੀਪਲ ਐਕਟ ਅਧੀਨ 52/2-ਐੱਲ ਪ੍ਰਮਿਸ਼ਨ ਵੀ ਲਈ ਗਈ ਸੀ।
ਪਰ ਕਿਸੇ ਵੀ ਠੇਕੇਦਾਰ ਸੁਸਾਇਟੀ ਵਲੋਂ ਇਹ ਟੈਂਡਰ ਨਹੀਂ ਭਰਿਆ ਗਿਆ ਸੀ। ਇਸ ਉਪਰੰਤ ਫਰਵਰੀ 2022 ਦੀ ਵਿਧਾਨ ਸਭਾ ਚੋਣ ਦਾ ਜਾਬਤਾ ਲੱਗਣ ਕਾਰਨ ਇਹ ਕੰਮ ਹੋਰ ਅੱਗੇ ਪੈ ਗਿਆ।ਹਰਸ਼ਦੀਪ ਭਾਰਤੀ ਨੇ ਦੱਸਿਆ ਕਿ ਇਸ ਤੋਂ ਬਾਅਦ ਦੁਬਾਰਾ ਟੈਂਡਰ ਲਗਾਏ ਗਏ ਅਤੇ ਇਸ ਦਾ ਠੇਕਾ ‘ ਦੀ ਨਵਾਂਸ਼ਹਿਰ ਕੋਆਪ੍ਰੇਟਿਵ ਲੇਬਰ ਸੋਸਾਇਟੀ ਲਿਮਿਟਿਡ ਬਲਾਚੌਰ’ ਨੂੰ ਮਿਲਿਆ। ਇਸ ਦਾ ਵਰਕ ਆਰਡਰ ਵੀ ਜਾਰੀ ਹੋਇਆ। ਪਰ ਇਸ ਸੋਸਾਇਟੀ ਵਲੋਂ ਨੋਟਿਸ ਮਿਲਣ ਦੇ ਲੰਬਾ ਸਮਾਂ ਬੀਤੇ ਜਾਣ ਬਾਅਦ ਵੀ ਇਸ ਵਿਕਾਸ ਕਾਰਜ ਨੂੰ ਸ਼ੁਰੂ ਨਹੀਂ ਕੀਤਾ ਗਿਆ।
ਇਸ ਸਬੰਧੀ ਸ਼੍ਰੀਮਤੀ ਨਵਜੋਤ ਕੌਰ ਭਾਰਤੀ ਮਿਊਂਸੀਪਲ ਕੌਂਸਲਰ ਰਾਹੋਂ ਵਲੋਂ ਆਪਣੇ ਪੱਤਰ ਨੰ. 001/ਸਪੈਸ਼ਲ/2022 ਮਿਤੀ 21/03/2022 ਅਤੇ ਪੱਤਰ ਨੰ. 001/ਸਪੈਸ਼ਲ/2023 ਮਿਤੀ 18/01/2023 ਰਾਹੀਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਰਾਹੋਂ ਨੂੰ ਬੇਨਤੀ ਕੀਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋ ਨਗਰ ਕੌਂਸਲ ਰਾਹੋਂ ਦੀ ਮੀਟਿੰਗ ਮਿਤੀ 19/06/2025 ਵਿੱਚ ਮਤਾ ਨੰ.-212 ਰਾਹੀਂ ਵੀ ਵੇਰਵੇ ਸਹਿਤ ਬੇਨਤੀ ਕੀਤੀ ਗਈ ਸੀ।
ਹਰਸ਼ਦੀਪ ਭਾਰਤੀ ਨੇ ਅੱਗੇ ਦੱਸਿਆ ਕਿ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਰਾਹੋਂ ਵੱਲੋਂ ਪੱਤਰ ਨੰ 04/2025 ਮਿਤੀ 05/12/2025 ਰਾਹੀਂ ਸੈਂਕੜੇ ਮੁਹੱਲਾ ਨਿਵਾਸੀਆਂ ਦੇ ਦਸਤਖਤਾਂ ਹੇਠ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਰਾਹੋਂ ਨੂੰ ਲਿਖਤੀ ਬੇਨਤੀ ਕੀਤੀ ਗਈ ਸੀ। ਪਰ ਹਰ ਵਾਰ ਭਰੋਸਾ ਮਿਲਣ ਦੇ ਬਾਵਜੂਦ ਵੀ ਐੱਸ.ਸੀ. ਧਰਮਸ਼ਾਲਾ (ਗੁਰੂਦੁਆਰਾ ਸੱਚਖੰਡ ਸਾਹਿਬ) ਮੁੱਹਲਾ ਸਰਾਫਾਂ ਰਾਹੋਂ ਦੀ ਉਸਾਰੀ ਦੇ ਇਸ ਵਿਕਾਸ ਕਾਰਜ ਨੂੰ ਸ਼ੁਰੂ ਕਰਨ ਅਤੇ ਨੇਪਰੇ ਚੜ੍ਹਵਾਉਣ ਦਾ ਕੰਮ ਅੱਜ ਤੱਕ 5 ਸਾਲ ਤੋਂ ਵੱਧ ਲੰਬਾ ਸਮਾਂ ਬੀਤ ਜਾਣ ਬਾਅਦ ਵੀ ਨਹੀਂ ਹੋਇਆ ਅਤੇ ਬਹੁਤ ਹੀ ਇਤਰਾਜ਼ਯੋਗ ਦੇਰੀ ਹੋ ਰਹੀ ਹੈ।
ਹਰਸ਼ਦੀਪ ਭਾਰਤੀ ਨੇ ਦੱਸਿਆ ਕਿ ਧਰਮਸ਼ਾਲਾ ਦੀ ਲੋੜੀਂਦੀ ਬਿਲਡਿੰਗ ਨਾ ਹੋਣ ਕਾਰਨ ਆਮ ਲੋਕਾਂ ਨੂੰ ਲੋੜੀਂਦੇ ਪ੍ਰੋਗਰਾਮ ਕਰਨ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਪੁਰਜੋਰ ਮੰਗ ਕੀਤੀ ਹੈ ਕਿ ਧਰਮਸ਼ਾਲਾ ਦੀ ਉਸਾਰੀ ਦੇ ਇਸ ਵਿਕਾਸ ਕਾਰਜ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਂਦੇ ਹੋਏ ਨੇਪਰੇ ਚਾੜ੍ਹਿਆ ਜਾਵੇ। ਹਰਸ਼ਦੀਪ ਭਾਰਤੀ ਨੇ ਇਹ ਵੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਗ੍ਰਾਂਟ ਨਾਲ ਸਬੰਧਿਤ ਸਮੁੱਚਾ ਰਿਕਾਰਡ ਸੂਚਨਾ ਅਧਿਕਾਰ ਕਾਨੂੰਨ-2005 ਤਹਿਤ ਪ੍ਰਾਪਤ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਐੱਸ ਸੀ ਧਰਮਸ਼ਾਲਾ ਦੀ ਉਸਾਰੀ ਦਾ ਕੰਮ 15 ਫਰਵਰੀ 2026 ਤੱਕ ਸ਼ੁਰੂ ਨਹੀਂ ਕੀਤਾ ਜਾਂਦਾ ਤਾਂ ਉਹ ਇਸ ਇਤਿਰਾਜਯੋਗ ਦੇਰੀ ਵਿਰੁੱਧ ਜਨਹਿੱਤਾਂ ਨੂੰ ਮੁੱਖ ਰੱਖਦੇ ਹੋਏ ਕਾਨੂੰਨੀ ਕਾਰਵਾਈ ਲਈ ਮਾਨਯੋਗ ਅਦਾਲਤ ਪਾਸ ਜਾਣ ਲਈ ਮਜਬੂਰ ਹੋਣਗੇ।
ਐੱਸਸੀ ਧਰਮਸ਼ਾਲਾ ਦੀ ਨਵੀਂ ਉਸਾਰੀ ਲਈ ਪ੍ਰਸ਼ਾਸਨ ਨੂੰ ਦਿੱਤਾ 15 ਫਰਵਰੀ 2026 ਤੱਕ ਦਾ ਸਮਾਂ
