ਹੁਸ਼ਿਆਰਪੁਰ- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਤਹਿਸੀਲ ਕੰਪਲੈਕਸ ਟਾਂਡਾ ਵਿੱਖੇ ਪਹੁੰਚ ਕੇ ਸਟੇਟ ਅਵਾਰਡੀ ਭਾਈ ਵਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਨੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ। 
ਇਸ ਮੌਕੇ ਭਾਈ ਮਸੀਤੀ ਨੇ ਨਸ਼ਿਆਂ ਦੇ ਇਨਸਾਨੀ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ,ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇਨਸਾਨ ਹੌਲੀ ਹੌਲੀ ਨਸ਼ਿਆਂ ਦੀ ਦਲ ਦਲ ਵਿੱਚ ਫਸ ਕੇ ਆਪਣਾ ਤੇ ਆਪਣੇ ਪੂਰੇ ਪਰਿਵਾਰ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਲੈਂਦਾ ਹੈ। 
ਇਸ ਮੌਕੇ ਨਾਇਬ ਤਹਿਸੀਲਦਾਰ ਟਾਂਡਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਾ ਹੈ ਤਾਂ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਜੋ ਉਸ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀ ਦਾ ਇਲਾਜ ਸਹੀ ਸਮੇਂ ਤੇ ਕਰਵਾਇਆ ਜਾ ਸਕੇ, ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਸ਼ਿਆਂ ਦਾ ਇਲਾਜ ਬਿਲਕੁਲ ਮੁਫਤ ਹੁੰਦਾ ਹੈ। ਇਸ ਮੌਕੇ ਭਾਈ ਮਸੀਤੀ ਤੇ ਨਾਇਬ ਤਹਸੀਲਦਾਰ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਏ ਜਾ ਰਹੇ ਅਭਿਆਨ ਦੀ ਜੰਮ ਕੇ ਤਾਰੀਫ ਕੀਤੀ, ਤੇ ਲੋਕਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ। 
ਇਸ ਮੌਕੇ ਭਾਈ ਮਸੀਤੀ ਨੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਿਉਂਦੇ ਜੀ ਰਕਤ ਦਾਨ ਤੇ ਮਰਨ ਉਪਰੰਤ ਅੱਖਾਂ ਦਾਨ, ਅਤੇ ਅੰਗ ਦਾਨ ਕਰਨ ਦੀ ਜਾਣਕਾਰੀ ਵੀ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਦੀਪ ਕੁਮਾਰ ਰੀਡਰ ਨਾਇਬ ਤਹਸੀਲਦਾਰ ਟਾਂਡਾ, ਜਤਿੰਦਰ ਪਾਲ ਸਿੰਘ ਦਫਤਰ ਕਨਗੋ ਤੇ ਸਮੂਹ ਸਟਾਫ ਮੈਂਬਰ ਹਾਜਰ ਸਨ।