ਸਾਹਿਬਜ਼ਾਦਾ ਅਜੀਤ ਸਿੰਘ ਨਗਰ,10 ਫ਼ਰਵਰੀ, 2026:- ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਐੱਸ.ਏ.ਐੱਸ. ਨਗਰ ਸ਼੍ਰੀਮਤੀ ਕੋਮਲ ਮਿੱਤਲ, ਦੀ ਅਗਵਾਈ ਹੇਠ ਸੇਂਟ ਜਾਨ ਐਬੂਲੈਂਸ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਮ ਨਰਸਿੰਗ ਟ੍ਰੇਨਿੰਗ ਸੰਬੰਧੀ 28 ਜਨਵਰੀ ਤੋਂ 10 ਫਰਵਰੀ, 2026 ਤੱਕ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜਿਸ ਵਿੱਚ ਭਾਰਤੀ ਰੈਡ ਕਰਾਸ ਦੇ ਟ੍ਰੇਨਰ ਸੰਦੀਪ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਰੋਗੀ ਦੇ ਘਰ ਵਿੱਚ ਰੋਗੀ ਦੀ ਸੇਵਾ ਕਰਨ ਅਤੇ ਹਸਪਤਾਲ ਵਿੱਚ ਸਹਾਇਕ ਨਰਸ ਦਾ ਕੰਮ ਕਰਨ ਦੀ ਸਿਖਲਾਈ ਦਿੱਤੀ ਗਈ।
  ਜਿਸ ਵਿੱਚ ਸਿਖਿਆਰਥੀਆਂ ਨੂੰ ਰੋਗੀ ਦਾ ਪ੍ਰੇਖਣ, ਰੋਗੀ ਦੀ ਸਾਫ ਸਫਾਈ ਅਤੇ ਸ਼ਿੰਗਾਰ, ਰੋਗੀ ਦੇ ਕਮਰੇ, ਬਿਸਤਰੇ, ਖੁਰਾਕ, ਦਵਾਈਆਂ ਦੀ ਸੰਭਾਲ ਅਤੇ ਵਰਤੋਂ, ਆਮ ਰੋਗਾਂ ਤੇ ਉਨ੍ਹਾਂ ਦੇ ਇਲਾਜ, ਪੱਟੀਆਂ ਆਦਿ ਬਾਰੇ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਉਪਰੰਤ ਇਹ ਰੋਗੀ ਦੇ ਘਰ ਵਿੱਚ ਰੋਗੀ ਦੀ ਸੇਵਾ ਕਰਨਾ ਅਤੇ ਹਸਪਤਾਲ ਵਿੱਚ ਸਹਾਇਕ ਨਰਸ ਦਾ ਕੰਮ ਕਰ ਸਕਦੇ ਹਨ।
ਸ਼੍ਰੀ ਹਰਬੰਸ ਸਿੰਘ, ਸਕੱਤਰ ਵਲੋਂ ਸਿਖਿਆਰਥੀਆਂ ਨੂੰ ਰੈਡ ਕਰਾਸ ਦੇ ਸਿਧਾਂਤਾਂ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਸੰਸਥਾ ਵੱਲੋਂ  ਜ਼ਿਲ੍ਹੇ ਵਿੱਚ ਗਰੀਬਾਂ, ਮਰੀਜਾਂ, ਲੋੜਵੰਦਾਂ ਅਤੇ ਦਿਵਿਆਂਗਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ ਗਿਆ ਅਤੇ ਸੰਸਥਾ ਨਾਲ ਜੁੜ ਕੇ ਮਾਨਵਤਾ ਦੀ ਸੇਵਾ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੋਰ ਜਾਣਕਾਰੀ ਅਤੇ ਟ੍ਰੇਨਿੰਗ ਲਈ www.ircsfa.org ਜਾਂ ਸ਼੍ਰੀ ਸੰਦੀਪ ਸਿੰਘ, ਟ੍ਰੇਨਿੰਗ ਇੰਚਾਰਜ ਨਾਲ 9888786039 ਤੇ ਸੰਪਰਕ ਕੀਤਾ ਜਾ ਸਕਦਾ ਹੈ।