ਪਟਿਆਲਾ, 23 ਜੂਨ:- ਇਤਿਹਾਸਕ ਬਾਰਾਂਦਰੀ ਗਾਰਡਨਜ਼ ਪਟਿਆਲਾ ਵਿਖੇ ਹੈਲਥ ਅਵੇਅਰਨੈਸ ਸੁਸਾਇਟੀ (ਰਜਿ.) ਅਤੇ ਯੋਗਾ ਪਰਿਵਾਰ ਗਰੁੱਪ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਗਜ਼ਲ ਪ੍ਰੀਤ ਸਿੰਘ, ਰਜਿਸਟਰਾਰ, ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਫਿਰੋਜ਼ਪੁਰ ਨੇ ਸ਼ਿਰਕਤ ਕੀਤੀ।
ਆਪਣੇ ਸੰਬੋਧਨ ਦੌਰਾਨ ਡਾ. ਗਜ਼ਲ ਪ੍ਰੀਤ ਸਿੰਘ ਨੇ ਕਿਹਾ ਕਿ ਤੰਦਰੁਸਤ ਅਤੇ ਰੋਗ-ਮੁਕਤ ਜੀਵਨ ਲਈ ਯੋਗ ਸਾਧਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਯੋਗ ਨਾ ਸਿਰਫ਼ ਸਰੀਰਕ ਸਿਹਤ ਨੂੰ ਬਿਹਤਰ ਬਣਾਉਂਦਾ ਹੈ, ਸਗੋਂ ਮਾਨਸਿਕ ਸ਼ਾਂਤੀ ਅਤੇ ਆਤਮਿਕ ਤਾਕਤ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਬਾਰਾਂਦਰੀ ਗਾਰਡਨਜ਼ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀਆਂ ਯੋਗ ਕਲਾਸਾਂ ਦੀ ਸ਼ਲਾਘਾ ਵੀ ਕੀਤੀ।
ਸਮਾਗਮ ਦੀ ਪ੍ਰਧਾਨਗੀ ਡਾ. ਜੀ.ਐਸ. ਆਨੰਦ, ਸਾਬਕਾ ਡਾਇਰੈਕਟਰ ਐਨ.ਆਈ.ਐਸ. ਅਤੇ ਨਰੈਣ ਬਾਲਾ ਨੇ ਕੀਤੀ। ਉਨ੍ਹਾਂ ਯੋਗ ਸਾਧਕਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਯੋਗ ਨੂੰ ਹਰ ਵਿਅਕਤੀ ਦੀ ਰੋਜ਼ਾਨਾ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਵੈਲਨੈਸ ਹੈਲਥ ਕਲੱਬ ਵੱਲੋਂ ਸ੍ਰੀਮਤੀ ਮੀਨਾ ਪਵਾਰ ਆਪਣੀ ਟੀਮ ਸਮੇਤ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਾਲ ਹੀ ਵਿੱਚ ਪੰਜ ਦਿਨਾਂ ਦਾ ਮੈਡੀਕਲ ਕੈਂਪ ਵੀ ਲਗਾਇਆ ਗਿਆ ਸੀ। ਉਮ ਪ੍ਰਕਾਸ਼ ਸ਼ਰਮਾ ਅਤੇ ਮੰਜੂ ਕੁਮਾਰੀ, ਜੋ ਕਿ ਸਰਟੀਫਾਈਡ ਯੋਗਾ ਟੀਚਰ ਹਨ, ਵੱਲੋਂ 8 ਜੂਨ ਤੋਂ 21 ਜੂਨ ਤੱਕ 15 ਦਿਨਾਂ ਦੀ ਯੋਗ ਸਾਧਨਾ ਕਰਵਾਈ ਗਈ। ਇਸ ਦੌਰਾਨ ਸਰੀਰ ਦੀ ਲਚਕਤਾ ਵਧਾਉਣ, ਮਾਨਸਿਕ ਤਣਾਅ ਘਟਾਉਣ, ਦਿਲ ਨੂੰ ਮਜ਼ਬੂਤ ਕਰਨ ਅਤੇ ਅੰਦਰੂਨੀ ਸ਼ਕਤੀ ਵਧਾਉਣ ਸਬੰਧੀ ਵੱਖ-ਵੱਖ ਯੋਗ ਕਿਰਿਆਵਾਂ ਸਿਖਾਈਆਂ ਗਈਆਂ।
ਹੈਲਥ ਅਵੇਅਰਨੈਸ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਕੌਲੀ ਨੇ ਦੱਸਿਆ ਕਿ ਬਾਰਾਂਦਰੀ ਗਾਰਡਨਜ਼ ਵਿੱਚ 2 ਅਕਤੂਬਰ 2015 ਤੋਂ ਲਗਾਤਾਰ ਹਰ ਰੋਜ਼ ਸਵੇਰੇ 5:30 ਵਜੇ ਤੋਂ 7:00 ਵਜੇ ਤੱਕ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦੀ ਨਿਗਰਾਨੀ ਐਡਵੋਕੇਟ ਤਾਰਾ ਸਿੰਘ ਭਮਰਾ (ਜਨਰਲ ਸਕੱਤਰ) ਅਤੇ ਰਣਜੀਤ ਕੌਰ (ਮੀਤ ਪ੍ਰਧਾਨ) ਵੱਲੋਂ ਕੀਤੀ ਜਾਂਦੀ ਹੈ।
ਯੋਗਾ ਪਰਿਵਾਰ ਦੀਆਂ ਸਰਗਰਮ ਯੋਗ ਸਾਧਿਕਾਵਾਂ ਹਰਜੀਤ ਕੌਰ ਰੋਜ਼ੀ ਅਤੇ ਜਸਵਿੰਦਰ ਕੌਰ ਵੱਲੋਂ ਵੀ ਇਸ ਮੁਹਿੰਮ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰੀ ਚੰਦ ਬਾਂਸਲ, ਪ੍ਰੇਮ ਗੋਇਲ, ਜਿਤੇਂਦਰ ਵਰਮਾ, ਰਵਿੰਦਰ ਗਰਗ, ਰਾਧਾ ਰਾਣੀ ਗਰਗ ਅਤੇ ਭੁਪਿੰਦਰ ਅਰੋੜਾ ਨੇ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਸਹਿਯੋਗ ਦਿੱਤਾ।
ਇਸ ਮੌਕੇ ਰਾਜੇਸ਼ ਮਿੱਤਲ, ਡੀ.ਪੀ. ਬਾਂਸਲ, ਸੁਰਿੰਦਰ ਕੁਮਾਰ, ਜਸਪਾਲ ਸਿੰਘ (ਬੈਂਕ ਮੈਨੇਜਰ), ਮਾਇਆਵਤੀ, ਨੀਰੂ ਮੋਦੀ, ਬਲਜਿੰਦਰ ਕੌਰ, ਗਗਨਦੀਪ ਕੌਰ, ਤਾਰੀ ਮਿਊਂਸਪਲ ਕਮਿਸ਼ਨਰ, ਮਨਜੀਤ ਕੌਰ, ਜੇ.ਪੀ. ਸਿੰਘ ਸਮੇਤ ਵੱਡੀ ਗਿਣਤੀ ਵਿੱਚ ਯੋਗ ਪ੍ਰੇਮੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ। ਸਮਾਗਮ ਦੌਰਾਨ ਯੋਗ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸਿਹਤਮੰਦ ਜੀਵਨ ਲਈ ਯੋਗ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ।
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬਾਰਾਂਦਰੀ ਗਾਰਡਨਜ਼ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ
