ਚੰਡੀਗੜ੍ਹ, 27 ਮਾਰਚ:- ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਅਤੇ ਦਫ਼ਤਰਾਂ ਵਿੱਚ ਪੁਰਾਣੇ ਦਫ਼ਤਰੀ ਰਿਕਾਰਡ ਦੀ ਛਾਂਟੀ ਕਰਨ ਅਤੇ ਗੈਰ-ਜ਼ਰੂਰੀ ਤੇ ਬੇਕਾਰ ਪਏ ਦਫ਼ਤਰੀ ਫਰਨੀਚਰ ਨੂੰ ਹਟਾਉਣ ਲਈ 1 ਅਪ੍ਰੈਲ ਤੋਂ 8 ਅਪ੍ਰੈਲ, 2026 ਤੱਕ ਇੱਕ ਹਫ਼ਤੇ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ।
ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਮੁਹਿੰਮ ਰਾਜ ਦੇ ਸਾਰੇ ਸਰਕਾਰੀ ਦਫ਼ਤਰਾਂ, ਸਬੰਧਤ ਅਤੇ ਸੁਬੋਰਡੀਨੇਟ ਦਫ਼ਤਰਾਂ ਵਿੱਚ ਲਾਗੂ ਕੀਤੀ ਜਾਵੇਗੀ। ਇਸ ਦਾ ਉਦੇਸ਼ ਰਿਕਾਰਡ ਪ੍ਰਬੰਧਨ ਨੂੰ ਸੁਚਾਰੂ ਬਣਾਉਣਾ ਅਤੇ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਹੈ।
ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੰਖਾਂ, ਬੋਰਡਾਂ ਅਤੇ ਨਿਗਮਾਂ ਦੇ ਪ੍ਰਬੰਧਕ ਨਿਰਦੇਸ਼ਕਾਂ, ਡਿਵੀਜਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਯੂਨੀਵਰਸਿਟੀਆਂ ਦੇ ਰਜਿਸਟਰਾਰਾਂ ਨੂੰ ਮੁਹਿੰਮ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
     ਇਸ ਪਹਿਲ ਦੇ ਤਹਿਤ ਨਿਰਧਾਰਤ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਰਾਣੇ ਅਤੇ ਅਪ੍ਰਸੰਗਿਕ ਰਿਕਾਰਡ ਦੀ ਪਹਿਚਾਣ ਕਰ ਕਰਕੇ ਉਸ ਦਾ ਉਚਿਤ ਨਿਪਟਾਰਾ ਕੀਤਾ ਜਾਵੇਗਾ।ਇਸੇ ਤਰ੍ਹਾਂ ਵਰਤੋਂ ਵਿੱਚ ਨਾ ਆਉਣ ਵਾਲੇ ਦਫ਼ਤਰੀ ਫਰਨੀਚਰ ਨੂੰ ਵੀ ਵਿਵਸਥਿਤ ਢੰਗ ਨਾਲ ਹਟਾਇਆ ਜਾਵੇਗਾ।
ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰਿਕਾਰਡ ਪ੍ਰਬੰਧਨ ਅਤੇ ਰਿਕਾਰਡ ਸੰਭਾਲ ਅਨੁਸੂਚੀ (ਅਧਿਆਇ-11) ਦੀ ਪਾਲਣਾ ਕਰਨ ਅਤੇ ਮੁੱਖ ਸਕੱਤਰ, ਹਰਿਆਣਾ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਪ੍ਰਕਿਰਿਆਵਾਂ ਅਨੁਸਾਰ ਕਾਰਵਾਈ ਯਕੀਨੀ ਬਣਾਉਣ। ਮੁਹਿੰਮ ਦੇ ਸੁਚਾਰੂ ਸੰਚਾਲਨ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਵੀ ਸਾਂਝੇ ਕੀਤੇ ਗਏ ਹਨ।
ਇਸ ਪਹਿਲਕਦਮੀ ਨਾਲ ਸਰਕਾਰੀ ਦਫ਼ਤਰਾਂ ਵਿੱਚ ਬੇਲੋੜਾ ਸਾਮਾਨ ਘਟੇਗਾ, ਕੰਮ ਵਾਲੀ ਥਾਂ ਵਧੇਰੇ ਸੁਵਿਵਸਥਿਤ ਬਣੇਗੀ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ।