ਪਟਿਆਲਾ, 1 ਅਗਸਤ:- ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਖਤਮ ਕਰਵਾਉਣ ਦੇ ਉਦੇਸ਼ ਨਾਲ ਕਾਂਗਰਸ ਹਾਈ ਕਮਾਨ ਵੱਲੋਂ ਰਾਜ ਵਿੱਚ ਭੇਜੇ ਗਏ ਪਾਰਟੀ ਦੇ ਸੀਨੀਅਰ ਆਗੂ ਭੁਪੇਸ਼ ਬਘੇਲ ਤੇ ਪਾਰਟੀ ਦੇ ਰਾਜ ਪ੍ਰਧਾਨ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕੁਝ ਆਗੂਆਂ ਤੇ ਵਰਕਰਾਂ ਨੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਜ਼ੋਰਦਾਰ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
 ਰਾਜਾ ਵੜਿੰਗ ਨੇ ਉਨ੍ਹਾਂ ਨੂੰ ਕਈ ਵਾਰ ਅਪੀਲ ਕੀਤੀ ਪਰ ਉਹ ਨਾ ਹਟੇ, ਅੱਕ ਕੇ ਰਾਜਾ ਵੜਿੰਗ ਨੇ ਜਿੱਥੇ ਉਨ੍ਹਾਂ ਨੂੰ ਕਾਰਵਾਈ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ "ਮੇਰੇ ਮੂਹੋਂ ਕੁਝ ਅਜਿਹਾ  ਕਢਵਾਓਣ ਦੀ ਕੋਸ਼ਿਸ਼ ਨਾ ਕਰੋ ਜੋ ਤੁਹਾਡੇ ਆਗੂ ਲਈ ਖ਼ਤਰਨਾਕ ਸਾਬਤ ਹੋਵੇ।" ਪਰ ਉਹ ਨਾਅਰੇ ਲਾਉਂਦੇ ਰਹੇ।
 ਰਾਜਾ ਵੜਿੰਗ ਦੇ ਹਮਾਇਤੀ ਵੀ ਨਾਅਰੇ ਲਾਉਣ ਵਾਲਿਆਂ ਵਿਰੁਧ ਵਦ-ਵਦ ਆਉਂਦੇ ਰਹੇ ਪਰ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਿਹਾ। ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਭੁਪੇਸ਼ ਬਘੇਲ ਨੇ ਤਿੱਖੇ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਅਨੁਸ਼ਾਸਨਹੀਣਤਾ
ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਇਸੇ ਕਰਕੇ ਪਾਰਟੀ ਤੋਂ ਬਾਹਰ ਕੀਤਾ ਗਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਕਾਰਨ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਵੀ ਮੁਅੱਤਲ ਕੀਤਾ ਗਿਆ ਹੈ। ਇਸੇ ਦੌਰਾਨ ਅੱਜ ਚਰਨਜੀਤ ਸਿੰਘ ਚੰਨੀ ਨੇ ਮੁਅੱਤਲ ਕੀਤੇ ਗਏ ਆਗੂ ਮਦਨ ਲਾਲ ਜਲਾਲਪੁਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਲਾਲਪੁਰ ਨੂੰ ਮੁਅੱਤਲ ਕਰਨ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਸਭ ਨੇਤਾਵਾਂ ਨੂੰ ਇਕੱਠੇ ਹੋ ਕੇ ਚੱਲਣ ਦੀ ਗੱਲ ਕੀਤੀ। 
ਚੰਨੀ ਧੜਾ "ਹਰ ਬੂਥ ਕਾਂਗਰਸ ਮਜ਼ਬੂਤ" ਤਹਿਤ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਭੁਪੇਸ਼ ਬਘੇਲ ਦਾ ਬਾਈਕਾਟ ਕਰ ਰਿਹਾ ਹੈ। ਚੰਨੀ ਧੜਾ ਮੰਗ ਕਰ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਰਾਜ ਪ੍ਰਧਾਨ ਬਣਾਇਆ ਜਾਵੇ ਪਰ ਪਾਰਟੀ ਹਾਈ ਕਮਾਨ ਇਸ ਬਾਰੇ ਕੋਰਾ ਜਵਾਬ ਦੇ ਚੁੱਕਾ ਹੈ। ਚੰਨੀ ਧੜੇ ਦਾ ਦਾਅਵਾ ਹੈ ਕਿ ਰਾਜਾ ਵੜਿੰਗ ਦੀ ਅਗਵਾਈ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਚਰਨਜੀਤ ਸਿੰਘ ਚੰਨੀ ਨੂੰ ਮਨਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪੈਣ ਦੀਆਂ ਸੰਭਾਵਨਾਵਾਂ ਘੱਟ ਹੀ ਨਜ਼ਰ ਆ ਰਹੀਆਂ ਹਨ।