ਚੰਡੀਗੜ੍ਹ, 03 ਜੁਲਾਈ:- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਏ. ਸ੍ਰੀਨਿਵਾਸ ਨੇ ਕਿਹਾ ਕਿ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਦੌਰਾਨ ਇਹ ਪਾਇਆ ਗਿਆ ਹੈ ਕਿ ਕਈ ਪਰਿਵਾਰਾਂ ਦੇ ਮੈਂਬਰਾਂ ਦੇ ਨਾਮ ਵੱਖ-ਵੱਖ ਮਤਦਾਨ ਕੇਂਦਰਾਂ ਦੀਆਂ ਵੋਟਰ ਸੂਚੀਆਂ ਵਿੱਚ ਦਰਜ ਹਨ। ਅਜਿਹੀ ਸਥਿਤੀ ਉਦੋਂ ਹੁੰਦੀ ਹੈ ਜਦੋਂ ਕਿਸੇ ਸੈਕਟਰ ਜਾਂ ਕਲੋਨੀ ਲਈ ਇੱਕ ਹੀ ਇਮਾਰਤ ਵਿੱਚ ਦੋ ਵੱਖ-ਵੱਖ ਮਤਦਾਨ ਕੇਂਦਰ ਬਣਾਏ ਗਏ ਹੋਣ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਪਰਿਵਾਰ ਚਾਹੁੰਦਾ ਹੈ ਕਿ ਭਵਿੱਖ ਵਿੱਚ ਉਸ ਦੇ ਸਾਰੇ ਯੋਗ ਵੋਟਰਾਂ ਦੇ ਨਾਮ ਇੱਕ ਹੀ ਮਤਦਾਨ ਕੇਂਦਰ ਦੀ ਵੋਟਰ ਸੂਚੀ ਵਿੱਚ ਦਰਜ ਹੋਣ, ਤਾਂ ਮੁੱਢਲੀ ਵੋਟਰ ਸੂਚੀ-2026 ਦੇ ਪ੍ਰਕਾਸ਼ਨ ਤੋਂ ਬਾਅਦ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਫਾਰਮ-8 ਭਰ ਕੇ ਮਤਦਾਨ ਕੇਂਦਰ ਤਬਦੀਲੀ ਲਈ ਬੇਨਤੀ ਕੀਤੀ ਜਾ ਸਕਦੀ ਹੈ।
ਮੁੱਖ ਚੋਣ ਅਧਿਕਾਰੀ ਨੇ ਨਵੇਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਾਰਮ-6 ਭਰਦੇ ਸਮੇਂ ਆਪਣੇ ਪਰਿਵਾਰ ਦੇ ਪਹਿਲਾਂ ਤੋਂ ਰਜਿਸਟਰਡ ਮੈਂਬਰ ਦਾ ਵੇਰਵਾ ਸਹੀ ਅਤੇ ਪੂਰੇ ਰੂਪ ਵਿੱਚ ਅੰਕਿਤ ਕਰਨ ਅਤੇ ਉਸੇ ਮਤਦਾਨ ਕੇਂਦਰ ਦੇ ਬੀ ਐਲ ਓ ਰਾਹੀਂ ਅਰਜ਼ੀ ਜਮ੍ਹਾਂ ਕਰਵਾਉਣ ਤਾਂ ਜੋ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਰਜਿਸਟ੍ਰੇਸ਼ਨ ਇੱਕ ਹੀ ਮਤਦਾਨ ਕੇਂਦਰ 'ਤੇ ਯਕੀਨੀ ਬਣਾਈ ਜਾ ਸਕੇ।
ਚੋਣ ਵਿਭਾਗ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹੈ ਕਿ ਮੁੱਢਲੀ ਵੋਟਰ ਸੂਚੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਪਣੇ ਨਾਮ ਅਤੇ ਹੋਰ ਵੇਰਵਿਆਂ ਦੀ ਜ਼ਰੂਰ ਪੜਤਾਲ ਕਰਨ। ਜੇਕਰ ਪਰਿਵਾਰ ਦੇ ਮੈਂਬਰਾਂ ਦੇ ਨਾਮ ਵੱਖ-ਵੱਖ ਮਤਦਾਨ ਕੇਂਦਰਾਂ 'ਤੇ ਦਰਜ ਹਨ ਅਤੇ ਉਹ ਉਨ੍ਹਾਂ ਨੂੰ ਇੱਕ ਹੀ ਮਤਦਾਨ ਕੇਂਦਰ 'ਤੇ ਤਬਦੀਲ ਕਰਵਾਉਣਾ ਚਾਹੁੰਦੇ ਹਨ, ਤਾਂ 21 ਜੁਲਾਈ ਤੋਂ 20 ਅਗਸਤ 2026 ਤੱਕ ਨਿਰਧਾਰਤ ਮਿਆਦ ਵਿੱਚ ਫਾਰਮ-8 ਭਰ ਕੇ ਅਰਜ਼ੀ ਦੇ ਸਕਦੇ ਹਨ।
ਵੋਟਰ ਸੂਚੀ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਅਤੇ ਸਹਾਇਤਾ ਲਈ ਵੋਟਰ ਆਪਣੇ ਖੇਤਰ ਦੇ ਬੀ ਐਲ ਓ, ECINET App ਦੇ “Book a Call” ਫੀਚਰ ਅਤੇ ਟੋਲ ਫਰੀ ਨੰਬਰ 1950 'ਤੇ ਸੰਪਰਕ ਕਰ ਸਕਦੇ ਹਨ।
ਐਸਆਈਆਰ2026 ਪਰਿਵਾਰ ਦੇ ਮੈਂਬਰਾਂ ਦੇ ਨਾਮ ਇੱਕ ਹੀ ਮਤਦਾਨ ਕੇਂਦਰ ਤੇ ਕਰਵਾਉਣ ਲਈ ਭਰ ਸਕਦੇ ਹਨ ਫਾਰਮ8
