ਲੁਧਿਆਣਾ 19 ਨਵੰਬਰ 2025- ਸ਼੍ਰੀ ਸੰਦੀਪ ਐਨ ਮਹਾਤਮੇ, ਨਿੱਜੀ ਸਕੱਤਰ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੌਰਾ ਕੀਤਾ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਯੂਨੀਵਰਸਿਟੀ ਦੇ ਅਧਿਆਪਨ, ਖੋਜ ਅਤੇ ਵਿਸਥਾਰ ਪਹਿਲਕਦਮੀਆਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ। ਸ਼੍ਰੀ ਮਹਾਤਮੇ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਅਤੇ ਫਾਰਮਾਂ ਦਾ ਦੌਰਾ ਕਰਵਾਇਆ ਗਿਆ।
ਜਿਨ੍ਹਾਂ ਵਿੱਚ ਮੱਛੀ ਪਾਲਣ ਫਾਰਮ, ਡੇਅਰੀ ਫਾਰਮ, ਭਰੂਣ ਤਬਾਦਲਾ ਤਕਨਾਲੋਜੀ ਲੈਬ ਅਤੇ ਉੱਨਤ ਪ੍ਰਯੋਗਸ਼ਾਲਾਵਾਂ ਸ਼ਾਮਲ ਸਨ। ਵਿਗਿਆਨੀਆਂ ਨੇ ਉਨ੍ਹਾਂ ਨੂੰ ਨਸਲ ਸੁਧਾਰ, ਦੁੱਧ, ਮੱਛੀ ਅਤੇ ਮੀਟ ਪ੍ਰੋਸੈਸਿੰਗ ਤਕਨਾਲੋਜੀਆਂ ਸੰਬੰਧੀ ਅਤੇ ਪਸ਼ੂ ਪਾਲਕਾਂ ਦੀ ਉਤਪਾਦਕਤਾ ਅਤੇ ਮੁਨਾਫ਼ਾ ਵਧਾਉਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਮਹਾਤਮੇ ਨੇ ਮਲਟੀ-ਸਪੈਸ਼ਲਿਟੀ ਵੈਟਨਰੀ ਹਸਪਤਾਲ ਵਿੱਚ ਕੀਤੀਆਂ ਜਾ ਰਹੀਆਂ ਇਲਾਜ ਸਹੂਲਤਾਂ ਦੀ ਸ਼ਲਾਘਾ ਕੀਤੀ।
ਜਿੱਥੇ ਉਨ੍ਹਾਂ ਨੇ ਵੈਟਨਰੀ ਨਿਰੀਖਣ ਅਤੇ ਇਲਾਜ ਸੇਵਾਵਾਂ ਦੀ ਗੁਣਵੱਤਾ ਨੂੰ ਸਰਾਹਿਆ। ਉਨ੍ਹਾਂ ਨੇ ਕਿਸਾਨ ਭਲਾਈ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਕਿਸਾਨਾਂ ਦੀਆਂ ਬਰੂਹਾਂ ਤਕ ਐਮਰਜੈਂਸੀ ਸੇਵਾਵਾਂ ਨੂੰ ਹੋਰ ਵਧਾਉਣ ਲਈ ਉਤਸ਼ਾਹਿਤ ਕੀਤਾ।
ਡਾ. ਗਿੱਲ ਨੇ ਜ਼ੋਰ ਦੇ ਕੇ ਕਿਹਾ ਕਿ 'ਵਰਸਿਟੀ ਸੂਬੇ ਦੇ ਪਸ਼ੂਧਨ ਅਤੇ ਮੱਛੀ ਪਾਲਣ ਖੇਤਰਾਂ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਕਿਸਾਨਾਂ ਨੂੰ, ਸਰਗਰਮੀ ਨਾਲ ਤਕਨਾਲੋਜੀਆਂ ਦਾ ਤਬਾਦਲਾ ਕਰ ਰਹੇ ਹਨ, ਸਿਖਲਾਈ, ਪ੍ਰਦਰਸ਼ਨੀਆਂ, ਪਸ਼ੂ ਸਿਹਤ ਕੈਂਪ ਲਗਾ ਰਹੇ ਹਨ ਅਤੇ ਪੇਂਡੂ ਪੰਜਾਬ ਵਿੱਚ ਖੇਤਰੀ ਪੱਧਰ 'ਤੇ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਯੂਨੀਵਰਸਿਟੀ ਦੇ ਅਧਿਕਾਰੀ ਅਤੇ ਅਧਿਆਪਕ ਪੂਰੇ ਦੌਰੇ ਦੌਰਾਨ ਮੌਜੂਦ ਰਹੇ, ਜਿਨ੍ਹਾਂ ਨੇ ਪਸ਼ੂਆਂ ਦੀ ਸਿਹਤ, ਉਤਪਾਦਨ ਅਤੇ ਕਿਸਾਨ ਆਮਦਨ ਨੂੰ ਬਿਹਤਰ ਬਣਾਉਣ ਲਈ ਰਣਨੀਤੀਆਂ 'ਤੇ ਚਰਚਾ ਵਿੱਚ ਯੋਗਦਾਨ ਪਾਇਆ।
ਸ਼੍ਰੀ ਸੰਦੀਪ ਮਹਾਤਮੇ ਨੇ ਯੂਨੀਵਰਸਿਟੀ ਦੀ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਪਸ਼ੂਧਨ ਵਿਕਾਸ, ਕਿਸਾਨਾਂ ਦੀ ਭਲਾਈ ਅਤੇ ਵਾਤਾਵਰਣ ਸਥਿਰਤਾ ਨਾਲ ਸਬੰਧਤ ਪਹਿਲਕਦਮੀਆਂ ਲਈ ਨਿਰੰਤਰ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਸਾਨਾਂ ਦੁਆਰਾ ਅਪਣਾਏ ਜਾ ਰਹੇ ਡੇਅਰੀ ਫਾਰਮਿੰਗ ਅਭਿਆਸਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪੰਜਾਬ ਦੇ ਕੁਝ ਵਪਾਰਕ ਡੇਅਰੀ ਫਾਰਮਾਂ ਦਾ ਵੀ ਦੌਰਾ ਕੀਤਾ। ਉਹ ਡੇਅਰੀ ਫਾਰਮਿੰਗ ਦੇ ਖੇਤਰ ਵਿੱਚ ਰਾਜ ਦੁਆਰਾ ਕੀਤੀ ਗਈ ਤਰੱਕੀ ਤੋਂ ਬਹੁਤ ਪ੍ਰਭਾਵਿਤ ਹੋਏ।
ਸ਼੍ਰੀ ਸੰਦੀਪ ਐਨ ਮਹਾਤਮੇ ਨਿੱਜੀ ਸਕੱਤਰ ਮੱਛੀ ਪਾਲਣ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਨੇ ਵੈਟਰਨਰੀ ਯੂਨੀਵਰਸਿਟੀ ਦਾ ਦੌਰਾ ਕੀਤਾ
