ਨਵਾਂਸ਼ਹਿਰ, 28 ਅਕਤੂਬਰ- ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਜ਼ਿਲ੍ਹਾ ਕੰਪਲੈਕਸ ਦੇ ਬਾਹਰ ਇਕੱਠੇ ਹੋਏ। ਜਿਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਦਿਆਂ ਪੀੜਤ ਕਿਸਾਨਾਂ ਦੇ ਗਹਿਰੇ ਜ਼ਖਮਾਂ ਤੇ ਮਲ੍ਹਮ ਲਗਾਉਣ ਦਾ ਕਾਰਜ ਕੀਤਾ। 
ਇਸ ਮੌਕੇ ਤੇ ਗੱਲਬਾਤ ਕਰਦਿਆਂ ਜਥੇਦਾਰ ਹੁਸੈਨਪੁਰ ਨੇ ਆਖਿਆ ਕਿ ਹਾਲ ਹੀ ’ਚ ਪੰਜਾਬ ਦੇ ਕਈ ਹਿੱਸਿਆਂ ’ਚ ਆਏ ਹੜਾਂ ਨੇ ਕਿਸਾਨ ਵੀਰਾਂ ਨੂੰ ਬਹੁਤ ਵੱਡੀ ਆਰਥਿਕ ਤੇ ਮਾਨਸਿਕ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ। ਇਨ੍ਹਾਂ ਹੜਾਂ ਦੌਰਾਨ ਫਸਲਾਂ ਪਾਣੀ ਹੇਠ ਦੱਬ ਹੋ ਗਈਆਂ, ਬਹੁਤੇ ਘਰ ਤਬਾਹ ਹੋ ਗਏ ਅਤੇ ਪਸ਼ੂ ਧਨ ਦਾ ਵੀ ਵੱਡਾ ਨੁਕਸਾਨ ਹੋਇਆ। 
ਉਹਨਾਂ ਆਖਿਆ ਕਿ ਇੱਥੇ ਹੀ ਬੱਸ ਨਹੀਂ ਸੂਬੇ ’ਚ ਫਸਲਾਂ ਤੇ ਹਲਦੀ ਰੰਗ ਅਤੇ ਚਾਈਨਾ ਵਾਇਰਸ ਦੇ ਹਮਲੇ ਨੇ ਕਿਸਾਨਾਂ ਨੂੰ ਗਹਿਰੀ ਚਿੰਤਾ ’ਚ ਡੱਬਿਆ, ਜਿਸ ਕਾਰਨ ਔਸਤਨ ਝਾੜ 40 ਫੀਸਦੀ ਤੱਕ ਘਟ ਰਿਹਾ। ਇਸ ਕਰਕੇ ਕਿਸਾਨ ਬੇਵਕਤੀ ਰੰਗਾਂ ਅਤੇ ਹੜਾਂ ਕਾਰਨ ਕਿਸਾਨ ਧਿਰ ਅੰਦਰ ਤੱਕ ਟੁੱਟ ਚੁੱਕਾ। ਉਹਨਾਂ ਅਫਸੋਸ ਜ਼ਾਹਿਰ ਕੀਤਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਨਾ ਤਾਂ ਕੇਂਦਰ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਸੰਵੇਦਨਸ਼ੀਲਤਾ ਨਾਲ ਲਿਆ ਗਿਆ। 
ਕਿਸਾਨਾਂ ਨੂੰ ਹਾਲੇ ਤੱਕ ਨਾ ਹੀ ਹੜਾਂ ਦੀ ਮਾਰ ਦਾ ਮੁਆਵਜ਼ਾ ਪ੍ਰਾਪਤ ਹੋਇਆ ਅਤੇ ਨਾ ਹੀ ਝੋਨੇ ਦੀ ਫਸਲ ਤੇ ਪਏ ਬੇਵਕਤੀ ਰੰਗ ਕਾਰਨ ਹੋਏ ਨੁਕਸਾਨ ਦਾ ਕੋਈ ਬੱਨਸ ਮਿਲਿਆ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਹੜਾਂ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਝੋਨੇ ਦੀ ਫਸਲ ਦਾ ਘੱਟ ਝਾੜ ਨਿਕਲਣ ਉੱਪਰ ਬੱਨਸ ਦੇਕੇ ਆਰਥਿਕ ਭਰਪਾਈ ਕੀਤੀ ਜਾਵੇ।
 ਹਲਦੀ ਰੰਗ ਅਤੇ ਚਾਈਨਾ ਵਾਇਰਸ ਕਾਰਨ ਖਰਾਬ ਹੋਈਆਂ ਫਸਲਾਂ ਨੂੰ ਕੁਦਰਤੀ ਆਫ਼ਤ ਮੰਨਕੇ ਵਿਸ਼ੇਸ਼ ਸਹਾਇਤਾ ਪੈਕੇਜ ਦਿੱਤਾ ਜਾਵੇ, ਬਦਰੰਗ ਹੋਏ ਅਤੇ ਕੁਦਰਤੀ ਤਬਾਹੀ ਕਾਰਨ ਪ੍ਰਭਾਵਿਤ ਦਾਣਿਆਂ ਦੀ ਖਰੀਦ ਮਾਪਦੰਡਾਂ ਵਿਚ ਤੁਰੰਤ ਰਿਆਇਤ ਦਿੱਤੀ ਜਾਵੇ। ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹੜਾਂ ਕਾਰਨ ਨੁਕਸਾਨੇ ਘਰਾਂ, ਪਸ਼ੂਆਂ ਅਤੇ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਰਾਹਤ ਫੰਡ ਜਾਰੀ ਕੀਤਾ ਜਾਵੇ।
 ਇਸ ਮੌਕੇ ਤੇ ਉਹਨਾਂ ਦੇ ਨਾਲ ਸੀਨੀਅਰ ਆਗੂ ਸਰਜੀਤ ਸਿੰਘ ਦੁੱਭਾਲੀ, ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰ ਰੜਕੀ ਸਟੇਟ ਡੈਲੀਗੇਟ, ਸਰਜੀਤ ਸਿੰਘ, ਜਥੇਦਾਰ ਅਵਤਾਰ ਸਿੰਘ ਸਾਧੜਾ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ। ਇਸ ਮੌਕੇ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਨਾਂਅ ਜ਼ਿਲ੍ਹਾ ਰੈਵੀਨਿਊ ਅਫਸਰ ਮਨਦੀਪ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਗਿਆ।