ਮੌੜ ਮੰਡੀ,16 ਮਈ- ਪੰਜਾਬ ਨੂੰ ਰੰਗਲਾ ਪੰਜਾਬ ਤੇ ਹਰ ਪੱਖੋਂ ਵਿਕਾਸ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਜੇਕਰ ਸਚਮੁੱਚ ਹੀ ਕੀਤੇ ਵਿਕਾਸ ਨੂੰ ਦੇਖਣਾ ਹੈ ਤਾਂ ਇੱਕ ਚੱਕਰ ਮੌੜ ਦੇ ਗਲੀਆਂ ਬਾਜ਼ਾਰਾਂ ਦਾ ਲਗਾ ਕੇ ਦੇਖੋ ਤੁਹਾਨੂੰ ਹਰ ਪਾਸੇ ਰੰਗਲਾ ਪੰਜਾਬ ਦੀ ਥਾਂ ਗੰਧਲਾ ਪੰਜਾਬ ਹੀ ਨਜ਼ਰ ਆਵੇਗਾ।‌ 
ਭਾਵੇਂ ਕਿ ਆਮ ਲੋਕ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੱਦੋ ਜਹਿਦ ਕਰ ਰਹੇ ਹਨ ਪਰ ਹਾਲੇ ਤੱਕ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਹੋਇਆ ਹੈ ਤੇ ਪਰਨਾਲਾ ਉਵੇਂ ਦਾ ਉਵੇਂ ਹੈ‌ ਤੇ ਭਵਿੱਖ ਵਿੱਚ ਵੀ ਇਸ ਸਮੱਸਿਆ ਦਾ ਹੱਲ ਹੋਣ ਦੀ ਆਸ ਕਿਤੇ ਨਜ਼ਰ ਨਹੀਂ ਆ ਰਹੀ ‌। ਇਸ ਤੋਂ ਇਲਾਵਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ , ਬੰਦ ਪਈਆਂ ਸਟਰੀਟ ਲਾਈਟਾਂ ਵੀ ਵੱਡੀ ਸਮੱਸਿਆ ਹਨ। ਸੀਵਰੇਜ ਸਿਸਟਮ ਦੇ ਮਾੜੇ ਹਾਲ 'ਚ ਮੌੜ ਬਾਕੀ ਨੇੜਲੇ ਸ਼ਹਿਰਾਂ ਚੋਂ ਮੋਹਰੀ ਹੈ। 
ਵਾਰ ਵਾਰ ਲੋਕਾਂ ਵੱਲੋਂ ਸੀਵਰੇਜ ਅਧਿਕਾਰੀਆਂ ਨੂੰ ਇਸ ਮਾਮਲੇ ਸੰਬੰਧੀ ਜਾਣੂ ਕਰਵਾਇਆ ਗਿਆ ਦਰਸਾਖਤਾਂ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਧਰਨੇ ਵੀ ਲਗਾਏ ਗਏ ਪਰ ਸੀਵਰੇਜ਼ ਅਧਿਕਾਰੀਆਂ ਤੇ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ। ਗਲੀਆਂ ਵਿੱਚ ਖੜੇ ਸੀਵਰੇਜ਼ ਦੇ ਗੰਦੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਘਰਾਂ ਨੂੰ ਸੀਵਰੇਜ਼ ਮਿਕਸ ਹੋਏ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਲੋਕਾਂ ਨੂੰ ਆਪਣੇ ਘਰਾਂ ਅੰਦਰ ਆਉਣ ਤੇ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਦੁਕਾਨਦਾਰਾਂ ਦੀ ਦੁਕਾਨਦਾਰੀ ਠੱਪ‌ ਹੋ ਗਈ ਹੈ ਤੇ ਗਾਹਕ‌ ਪਾਣੀ ਖੜੇ‌ ਗਲੀ ਵਿੱਚ ਆਉਦੇ‌ ਹੀ‌ ਨਹੀ‌ ਇਸ ਤਰ੍ਹਾਂ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਾਰਨ ਛੋਟੇ ਸਕੂਲੀ ਬੱਚਿਆਂ ਨੂੰ ਪੈਦਲ ਜਾਂ ਸਾਈਕਲ ਤੇ ਜਾਣਾ ਨਾ ਮੁਮਕਿਨ ਹੈ। ਡਾਕਟਰ ਰਾਮੇ ਵਾਲੇ ਹਸਪਤਾਲ ਬਾਜ਼ਾਰ, ਡਾਕਟਰ ਯਾਦਵਿੰਦਰ ਦੇ ਅੱਖਾਂ ਵਾਲੇ ਹਸਪਤਾਲ ਕੋਲ ਤਾਂ ਹਾਲ ਹੋਰ ਵੀ ਮਾੜਾ ਹੈ। ਸੜਕਾਂ ਦੇ ਮਾੜੇ ਹਾਲ ਤੇ ਖੁੱਲੇ ਪਏ ਸੀਵਰੇਜ਼ ਦੇ ਡੱਗ ਕਿਸੇ ਵੱਡੀ ਦੁਰਘਟਨਾ ਦੀ ਉਡੀਕ ਕਰ ਰਹੇ ਹਨ। 
ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਸੀਵਰੇਜ ਸਿਸਟਮ ਨੂੰ ਦਰੁਸਤ ਕਰਨ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਸਗੋਂ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ। ਸੰਬੰਧਿਤ ਅਧਿਕਾਰੀ ਵੀ ਇਸ ਮਸਲੇ ਤੋਂ ਹਮੇਸਾ ਪਾਸਾ ਵੱਟਦੇ ਆਏ ਹਨ। ਦੋ ਤਿੰਨ ਮਹੀਨੇ ਪਹਿਲਾਂ ਮਸ਼ੀਨਾਂ ਰਾਹੀਂ‌ ਸੀਵਰੇਜ ਦੀ ਸਫਾਈ ਕਰਵਾਈ ਗਈ ਸੀ ਪਰ ਦੁਬਾਰਾ ਫਿਰ ਉਹੀ ਹਾਲ ਹੋ ਗਿਆ ਹੈ ਤੇ ਥਾਂ ਥਾਂ ਤੇ ਸੀਵਰੇਜ਼ ਦਾ ਗੰਦਾ ਪਾਣੀ ਓਵਰਫਲੋ ਹੋ ਰਿਹਾ ਹੈ। ਜੇਕਰ ਸੀਵਰੇਜ਼ ਦੇ ਗੰਦੇ ਪਾਣੀ ਦਾ ਕੋਈ ਠੋਸ ਹੱਲ ਨਾ ਹੋਇਆ ਤਾਂ ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਹੋਰ ਵੀ ਮਾੜੇ ਹਾਲ ਹੋਣ ਵਾਲੇ ਹਨ।