ਚੰਡੀਗੜ੍ਹ, 11 ਸਤੰਬਰ:- ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਸੈਰ-ਸਪਾਟਾ, ਵਿਰਾਸਤ ਅਤੇ ਚੋਣ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਵਿੱਚ ਸੇਵਾ, ਸਮਰਪਣ ਅਤੇ ਰਾਸ਼ਟਰ ਨਿਰਮਾਣ ਦੇ 25 ਸਾਲ ਪੂਰੇ ਹੋਣ ਦੇ ਮੌਕੇ 'ਤੇ ਸੂਬੇ ਦੀਆਂ ਜੇਲਾਂ ਵਿੱਚ 17 ਸਤੰਬਰ ਤੋਂ 17 ਅਕਤੂਬਰ ਤੱਕ ‘ਸੇਵਾ ਸੰਕਲਪ ਮੁਹਿੰਮ’ ਚਲਾਈ ਜਾਵੇਗੀ। ਇਸ ਦੌਰਾਨ ਜੇਲਾਂ ਵਿੱਚ ਪੌਦੇ ਲਗਾਉਣ, ਖੂਨਦਾਨ ਕੈਂਪ, ਯੋਗ, ਸਿਹਤ ਅਤੇ ਅਧਿਆਤਮਿਕ ਗਤੀਵਿਧੀਆਂ ਦੇ ਨਾਲ-ਨਾਲ ਸਿੱਖਿਆ ਅਤੇ ਸੁਧਾਰ ਨਾਲ ਜੁੜੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਮੁਹਿੰਮ ਵਿੱਚ ਵੱਧ ਤੋਂ ਵੱਧ ਬੰਦੀਆਂ ਦੀ ਭਾਗੀਦਾਰੀ ਯਕੀਨੀ ਬਣਾਏਗੀ ਜਾਵੇਗੀ।
ਸੇਵਾ ਅਤੇ ਸਕਾਰਾਤਮਕ ਸੋਚ ਦਾ ਸੰਦੇਸ਼ ਜੇਲਾਂ ਤੱਕ ਪਹੁੰਚਾਉਣਾ ਉਦੇਸ਼
ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਤਕ ਜੀਵਨ ਵਿੱਚ ਸੇਵਾ ਨੂੰ ਪਹਿਲ ਦਿੰਦਿਆਂ ਸਮਾਜ ਦੇ ਹਰ ਵਰਗ ਨੂੰ ਰਾਸ਼ਟਰ ਨਿਰਮਾਣ ਵਿੱਚ ਭਾਗੀਦਾਰ ਬਣਾਉਣ 'ਤੇ ਜ਼ੋਰ ਦਿੱਤਾ ਹੈ। ਸੇਵਾ ਸੰਕਲਪ ਮੁਹਿੰਮ ਦੌਰਾਨ ਇਸੇ ਸੰਦੇਸ਼ ਨੂੰ ਜੇਲਾਂ ਤੱਕ ਪਹੁੰਚਾਇਆ ਜਾਵੇਗਾ। ਪੌਦੇ ਲਗਾਉਣ ਨਾਲ ਵਾਤਾਵਰਣ ਦੀ ਸੰਭਾਲ, ਖੂਨਦਾਨ ਨਾਲ ਸੇਵਾ, ਯੋਗ ਨਾਲ ਸਿਹਤ ਅਤੇ ਅਧਿਆਤਮਿਕ ਗਤੀਵਿਧੀਆਂ ਨਾਲ ਸਕਾਰਾਤਮਕ ਸੋਚ ਦਾ ਸੰਦੇਸ਼ ਦਿੱਤਾ ਜਾਵੇਗਾ।
ਜੇਲ੍ਹ ਵਾਰ ਪ੍ਰੋਗਰਾਮ ਤਿਆਰ ਕਰਨ ਦੇ ਨਿਰਦੇਸ਼
ਜੇਲ੍ਹ ਮੰਤਰੀ ਨੇ ਸੂਬੇ ਦੇ ਸਾਰੇ ਜੇਲ੍ਹ ਅਧਿਕਾਰੀਆਂ ਨੂੰ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਜੇਲ੍ਹ ਵਾਰ ਪ੍ਰੋਗਰਾਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ 17 ਸਤੰਬਰ ਤੋਂ 17 ਅਕਤੂਬਰ ਤੱਕ ਹਰ ਜੇਲ੍ਹ ਵਿੱਚ ਵੱਖ-ਵੱਖ ਗਤੀਵਿਧੀਆਂ ਦੀ ਰੂਪਰੇਖਾ ਪਹਿਲਾਂ ਤੋਂ ਤਿਆਰ ਕੀਤੀ ਜਾਵੇ, ਤਾਂ ਜੋ ਪੂਰੇ ਇੱਕ ਮਹੀਨੇ ਦੌਰਾਨ ਨਿਰੰਤਰ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਣ। ਮੁਹਿੰਮ ਨੂੰ ਕਿਸੇ ਇੱਕ ਆਯੋਜਨ ਤੱਕ ਸੀਮਤ ਨਾ ਰੱਖਦਿਆਂ ਜੇਲਾਂ ਵਿੱਚ ਉਪਲਬਧ ਸਹੂਲਤਾਂ ਅਤੇ ਬੰਦੀਆਂ ਦੀ ਭਾਗੀਦਾਰੀ ਨੂੰ ਧਿਆਨ ਵਿੱਚ ਰੱਖ ਕੇ ਗਤੀਵਿਧੀਆਂ ਦਾ ਸਰੂਪ ਤੈਅ ਕੀਤਾ ਜਾਵੇ।
ਨੌਜਵਾਨ ਬੰਦੀਆਂ ਨਾਲ ਹੋਵੇਗੀ ਗੱਲਬਾਤ
ਮੁਹਿੰਮ ਦੌਰਾਨ ਜੇਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਨੌਜਵਾਨ ਬੰਦੀਆਂ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਜਾਵੇਗੀ। ਇਸ ਦੌਰਾਨ ਸੇਵਾ, ਸਿੱਖਿਆ, ਭਵਿੱਖ, ਹੁਨਰ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸੀ ਵਰਗੇ ਵਿਸ਼ਿਆਂ 'ਤੇ ਉਨ੍ਹਾਂ ਦੇ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਆਪਣੀ ਗੱਲ ਅਤੇ ਸੁਝਾਅ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਜੇਲ੍ਹ ਮੰਤਰੀ ਨੇ ਅਧਿਕਾਰੀਆਂ ਨੂੰ ਅਜਿਹੇ ਬੰਦੀਆਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਸਿੱਖਿਆ ਅਤੇ ਸੁਧਾਰ ਨਾਲ ਜੁੜੀਆਂ ਗਤੀਵਿਧੀਆਂ 'ਤੇ ਰਹੇਗਾ ਜ਼ੋਰ
ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਜੇਲਾਂ ਵਿੱਚ ਸਿੱਖਿਆ ਅਤੇ ਸੁਧਾਰ ਨਾਲ ਜੁੜੀਆਂ ਗਤੀਵਿਧੀਆਂ ਪਹਿਲਾਂ ਤੋਂ ਹੀ ਚਲਾਈਆਂ ਜਾ ਰਹੀਆਂ ਹਨ ਅਤੇ ਸੇਵਾ ਸੰਕਲਪ ਮੁਹਿੰਮ ਦੌਰਾਨ ਇਨ੍ਹਾਂ ਗਤੀਵਿਧੀਆਂ ਨਾਲ ਜੁੜੇ ਬੰਦੀਆਂ ਦੀ ਭਾਗੀਦਾਰੀ ਨੂੰ ਹੋਰ ਵਧਾਇਆ ਜਾਵੇਗਾ। ਸੂਬੇ ਦੀਆਂ ਜੇਲਾਂ ਵਿੱਚ ਆਈ.ਟੀ.ਆਈ. ਦੇ ਵੱਖ-ਵੱਖ ਟਰੇਡਾਂ ਵਿੱਚ ਸਿਖਲਾਈ ਦੇ ਨਾਲ ਇਗਨੂ (IGNOU), ਮੁਕਤ ਸਕੂਲੀ ਸਿੱਖਿਆ ਅਤੇ ਸਾਖਰਤਾ ਨਾਲ ਸੰਬੰਧਿਤ ਪ੍ਰੋਗਰਾਮ ਵੀ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਮੁਹਿੰਮ ਦਾ ਉਦੇਸ਼ ਜੇਲਾਂ ਵਿੱਚ ਸਕਾਰਾਤਮਕ ਮਾਹੌਲ ਨੂੰ ਹੋਰ ਮਜ਼ਬੂਤ ਕਰਨਾ ਅਤੇ ਬੰਦੀਆਂ ਨੂੰ ਸੇਵਾ, ਸਿੱਖਿਆ, ਸਿਹਤ, ਵਾਤਾਵਰਣ ਸੰਭਾਲ ਅਤੇ ਅਧਿਆਤਮਿਕ ਗਤੀਵਿਧੀਆਂ ਦੇ ਜ਼ਰੀਏ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ।
