ਟਾਹਲੀਵਾਲ/ਊਨਾ, 1 ਅਕਤੂਬਰ (ਰਾਜਵੀਰ ਚੋਪੜਾ):- ਨਗਰ ਪੰਚਾਇਤ ਟਾਹਲੀਵਾਲ ਵਿੱਚ ਸੇਵਾ ਪਖਵਾੜੇ ਤਹਿਤ ਸਕੂਲੀ ਬੱਚਿਆਂ ਵੱਲੋਂ ਸਫਾਈ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਗਰ ਪੰਚਾਇਤ ਟਾਹਲੀਵਾਲ ਅਤੇ ਮੇਰਾ ਯੁਵਾ ਭਾਰਤ ਊਨਾ, ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਬੱਚਿਆਂ ਨੂੰ ਸਫਾਈ ਵਾਲੀਆਂ ਟੋਪੀਆਂ ਅਤੇ ਹੋਰ ਸਮਾਨ ਦਿੱਤਾ ਗਿਆ। ਇਹ ਰੈਲੀ ਨਗਰ ਪੰਚਾਇਤ ਦਫ਼ਤਰ ਤੋਂ ਸ਼ੁਰੂ ਹੋ ਕੇ ਬਾਜ਼ਾਰ ਦੇ ਵਿਚਕਾਰੋਂ ਹੁੰਦੀ ਹੋਈ ਵਾਪਸ ਨਗਰ ਪੰਚਾਇਤ ਦਫ਼ਤਰ ਪਹੁੰਚੀ, ਜਿੱਥੇ ਰੈਲੀ ਦੀ ਸਮਾਪਤੀ ਹੋਈ। ਇਸ ਰੈਲੀ ਰਾਹੀਂ ਬੱਚਿਆਂ ਨੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਦੇ ਹੋਏ ਸਾਫ਼-ਸੁਥਰੇ ਅਤੇ ਤੰਦਰੁਸਤ ਸਮਾਜ ਦਾ ਸੰਦੇਸ਼ ਦਿੱਤਾ।

ਸਕੂਲੀ ਬੱਚਿਆਂ ਨੇ ਹੱਥਾਂ ਵਿੱਚ ਸਫਾਈ ਸਬੰਧੀ ਸੰਦੇਸ਼ ਲਿਖੀਆਂ ਤਖ਼ਤੀਆਂ ਫੜ ਕੇ ਨਗਰ ਪੰਚਾਇਤ ਖੇਤਰ ਵਿੱਚ ਰੈਲੀ ਕੱਢੀ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਦੀ ਅਪੀਲ ਕੀਤੀ। ਬੱਚਿਆਂ ਨੇ “ਸਫਾਈ ਅਪਣਾਓ, ਬਿਮਾਰੀ ਭਜਾਓ” ਅਤੇ “ਸਾਫ਼ ਟਾਹਲੀਵਾਲ, ਸੁੰਦਰ ਟਾਹਲੀਵਾਲ” ਵਰਗੇ ਨਾਅਰਿਆਂ ਰਾਹੀਂ ਜਾਗਰੂਕਤਾ ਫੈਲਾਈ।

ਇਸ ਮੌਕੇ ਨਗਰ ਪੰਚਾਇਤ ਟਾਹਲੀਵਾਲ ਦੀ ਪ੍ਰਧਾਨ ਨਿਰੰਜਨਾ ਕੁਮਾਰੀ ਵੱਲੋਂ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਗਿਆ ਕਿ ਸਫਾਈ ਸਿਰਫ਼ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਬੱਚਿਆਂ ਵੱਲੋਂ ਦਿੱਤਾ ਗਿਆ ਸਫਾਈ ਦਾ ਸੰਦੇਸ਼ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਨਗਰ ਪੰਚਾਇਤ ਟਾਹਲੀਵਾਲ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ-ਕਰਕਟ ਨਿਰਧਾਰਤ ਥਾਂ ’ਤੇ ਸੁੱਟਣ, ਜਨਤਕ ਥਾਵਾਂ ਨੂੰ ਸਾਫ਼ ਰੱਖਣ ਅਤੇ ਸਫਾਈ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ। ਕੇਂਦਰ ਸਰਕਾਰ ਵੱਲੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮੇਰਾ ਯੁਵਾ ਭਾਰਤ ਊਨਾ ਵੱਲੋਂ ਸਕੂਲੀ ਬੱਚਿਆਂ ਨੂੰ ਟੀ-ਸ਼ਰਟਾਂ ਅਤੇ ਟੋਪੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਰਾਜ ਕੁਮਾਰ ਮੱਲੀ, ਕੌਂਸਲਰ ਡਿੰਪਲ, ਕੌਂਸਲਰ ਅਜੇ ਸਹਿਗਲ, ਨਗਰ ਪੰਚਾਇਤ ਦੇ ਸਕੱਤਰ ਵਿਜੈ ਕੁਮਾਰ, ਰਾਧਾ ਮੈਡਮ, ਆਕਾਸ਼ ਧੀਮਾਨ, ਵਿਸ਼ਾਲ ਕੁਮਾਰ, ਚਰਨਜੀਤ ਕੌਰ, ਸਹਿਗਲ ਫਾਊਂਡੇਸ਼ਨ ਤੋਂ ਪਵਨ ਕੁਮਾਰ, ਅੰਕੁਸ਼, ਗੁਰਪ੍ਰੀਤ ਸਿੰਘ, ਜਦਕਿ ਅਧਿਆਪਕਾਂ ਵਿੱਚ ਸਾਧਨਾ ਰਾਣੀ ਅਤੇ ਜੋਗਿੰਦਰ ਪਾਲ ਸਮੇਤ ਹੋਰ ਵੀ ਮੌਜੂਦ ਸਨ।