ਬਲਾਚੌਰ, 4 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਬਲਾਚੌਰ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਆਮ ਆਦਮੀ ਪਾਰਟੀ ਵੱਲੋਂ ਮੁੜ ਉਮੀਦਵਾਰ ਐਲਾਨੇ ਜਾਣ ’ਤੇ ਹਲਕੇ ਦੇ ਵਰਕਰਾਂ ਅਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਜੁਝਾਰੂ ਆਗੂ ਹਨੀ ਨੰਬਰਦਾਰ ਜੋਗੇਵਾਲ ਨੇ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

ਹਨੀ ਨੰਬਰਦਾਰ ਜੋਗੇਵਾਲ ਨੇ ਕਿਹਾ ਕਿ ਵਿਧਾਇਕਾ ਸੰਤੋਸ਼ ਕਟਾਰੀਆ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਬਲਾਚੌਰ ਹਲਕੇ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਹੈ। ਸਿੱਖਿਆ, ਸਿਹਤ, ਸੜਕਾਂ, ਪਾਣੀ ਅਤੇ ਨੌਜਵਾਨਾਂ ਦੇ ਰੁਜ਼ਗਾਰ ਲਈ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਇੱਕ ਇਮਾਨਦਾਰ, ਮਿਹਨਤੀ ਅਤੇ ਲੋਕਾਂ ਵਿੱਚ ਵਿਚਰਨ ਵਾਲੀ ਆਗੂ ’ਤੇ ਮੁੜ ਭਰੋਸਾ ਜਤਾਇਆ ਹੈ, ਜਿਸ ਦਾ ਉਹ ਸਵਾਗਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਬਲਾਚੌਰ ਹਲਕੇ ਦਾ ਹਰ ਇੱਕ ਵਰਕਰ, ਹਰ ਇੱਕ ਵਲੰਟੀਅਰ ਅਤੇ ਹਰ ਇੱਕ ਆਮ ਪਰਿਵਾਰ ਵਿਧਾਇਕਾ ਸੰਤੋਸ਼ ਕਟਾਰੀਆ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਹ ਦਿਨ-ਰਾਤ ਇੱਕ ਕਰਕੇ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣਗੇ। ਇਸ ਵਾਰ ਬਲਾਚੌਰ ਦੀ ਸੀਟ ਪੰਜਾਬ ਵਿੱਚ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਕੇ ਉਹ ਪਾਰਟੀ ਹਾਈਕਮਾਂਡ ਨੂੰ ਤੋਹਫ਼ਾ ਦੇਣਗੇ।

ਹਨੀ ਨੰਬਰਦਾਰ ਜੋਗੇਵਾਲ ਨੇ ਅੱਗੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਇੱਕ ਵਾਰ ਫਿਰ ਆਮ ਆਦਮੀ ਪਾਰਟੀ ’ਤੇ ਮੋਹਰ ਲਗਾਉਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਨਾ ਕੋਈ ਮੁੱਦਾ ਹੈ ਅਤੇ ਨਾ ਹੀ ਕੋਈ ਚਿਹਰਾ। ਲੋਕਾਂ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਦਾ ਭ੍ਰਿਸ਼ਟਾਚਾਰੀ ਰਾਜ ਦੇਖ ਲਿਆ ਹੈ। ਹੁਣ ਲੋਕ ਸਿਰਫ਼ ਇਮਾਨਦਾਰ ਸਰਕਾਰ ਚਾਹੁੰਦੇ ਹਨ। 2027 ਵਿੱਚ ਪੰਜਾਬ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ ਅਤੇ ਬਲਾਚੌਰ ਹਲਕਾ ਉਸ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਏਗਾ।