ਹੁਸ਼ਿਆਰਪੁਰ:- ਯੂਥ ਸਿਟੀਜਨ ਕੌਂਸਿਲ ਪੰਜਾਬ ਵੱਲੋਂ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ ਜਿਸ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਵੰਡ ਕੇ ਸ਼੍ਰੀ ਆਨੰਦਪੁਰ ਸਾਹਿਬ ਨਾਂ ਦਾ ਨਵਾਂ ਜ਼ਿਲ੍ਹਾ ਬਣਾਉਣ ਤੇ ਗੜਸ਼ੰਕਰ ਤਹਿਸੀਲ ਨੂੰ ਉਸ ਨਾਲ ਜੋੜਨ ਦੀ ਗੱਲ ਕੀਤੀ ਗਈ ਹੈ। ਯੂਥ ਸਿਟੀਜਨ ਕੌਂਸਿਲ ਦੇ ਪ੍ਰਦੇਸ਼ ਪ੍ਰਧਾਨ ਡਾ. ਰਮਨ ਘਈ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਇੱਕ ਸਰਾਹਣਯੋਗ ਕਦਮ ਹੈ ਜਿਸਦਾ ਸਵਾਗਤ ਨਾ ਕੇਵਲ ਪੰਜਾਬ 'ਚ ਬਲਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੀਤਾ ਜਾਵੇਗਾ।
ਪਰੰਤੂ ਸਰਕਾਰ ਦੀ ਨਿਕੰਮੀ ਨੀਤੀ ਕਾਰਨ ਹੁਸ਼ਿਆਰਪੁਰ ਵਾਸੀਆਂ ਨੂੰ ਆਪਣਾ ਮੱਤ ਪ੍ਰਗਟ ਕਰਨ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਡਾ. ਘਈ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਰੁਪਨਗਰ ਦਾ ਨਾਮ ਬਦਲ ਕੇ ਸ਼੍ਰੀ ਆਨੰਦਪੁਰ ਸਾਹਿਬ ਰੱਖ ਦੇਵੇ ਤਾਂ ਇਸਦਾ ਸਵਾਗਤ ਸੰਸਾਰ ਭਰ 'ਚ ਕੀਤਾ ਜਾਵੇਗਾ ਅਤੇ ਕਿਸੇ ਹੋਰ ਜ਼ਿਲ੍ਹੇ ਦਾ ਹਿੱਸਾ ਵੀ ਕੱਟਣਾ ਨਹੀਂ ਪਵੇਗਾ, ਕਿਉਂਕਿ ਸ਼੍ਰੀ ਆਨੰਦਪੁਰ ਸਾਹਿਬ ਪਹਿਲਾਂ ਹੀ ਰੁਪਨਗਰ ਜ਼ਿਲ੍ਹੇ ਦੀ ਤਹਿਸੀਲ ਵਜੋਂ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤ੍ਯਨਾਥ ਨੇ ਫੈਜ਼ਾਬਾਦ ਜ਼ਿਲ੍ਹੇ ਦੀ ਅਯੋਧਿਆ ਤਹਿਸੀਲ ਨੂੰ ਜ਼ਿਲ੍ਹਾ ਬਣਾਉਂਦੇ ਹੋਏ ਇਸਦਾ ਨਾਮ ਅਯੋਧਿਆ ਰੱਖਿਆ ਸੀ, ਉਸੇ ਤਰ੍ਹਾਂ ਦੇਸ਼ ਦੇ ਹੋਰ ਇਤਿਹਾਸਕ ਸਥਾਨਾਂ ਨੂੰ ਵੀ ਨਵਾਂ ਦਰਜਾ ਦਿੱਤਾ ਗਿਆ ਹੈ।
ਡਾ. ਘਈ ਨੇ ਦੱਸਿਆ ਕਿ ਗੜਸ਼ੰਕਰ ਵਿੱਚ ਸਥਿਤ ਖੁਰਾਲਗੜ੍ਹ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੋ ਜ਼ਿਲ੍ਹੇ ਦੀ ਗੌਰਵਗਾਥਾ ਨੂੰ ਹੋਰ ਉੱਚਾ ਕਰਦੀ ਹੈ ਅਤੇ ਦੇਸ਼ ਵਿਦੇਸ਼ 'ਚ ਰਹਿੰਦੇ ਭਗਤਾਂ ਦੀਆਂ ਭਾਵਨਾਵਾਂ ਨਾਲ ਗਹਿਰਾ ਨਾਤਾ ਰੱਖਦੀ ਹੈ। ਇਸ ਲਈ ਯੂਥ ਸਿਟੀਜਨ ਕੌਂਸਿਲ ਪੰਜਾਬ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੁਆਰਾ ਹੋਸ਼ਿਆਰਪੁਰ ਨੂੰ ਬਚਾਉਣ ਲਈ ਚਲਾਏ ਜਾ ਰਹੇ ਸੰਘਰਸ਼ ਵਿੱਚ ਪੂਰਾ ਸਹਿਯੋਗ ਦੇਵੇਗੀ।
ਅੰਤ ਵਿੱਚ ਡਾ. ਰਮਨ ਘਈ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਘੋਸ਼ਿਤ ਕਰਨ ਤੋਂ ਪਹਿਲਾਂ ਹੋਸ਼ਿਆਰਪੁਰ ਦੇ ਕਿਸੇ ਭਾਗ ਨੂੰ ਵੀ ਨਾ ਕੱਟਿਆ ਜਾਵੇ ਤੇ ਰੁਪਨਗਰ ਦੇ ਸਥਾਨ ਤੇ ਹੀ ਨਵਾਂ ਜ਼ਿਲ੍ਹਾ ਸ਼੍ਰੀ ਆਨੰਦਪੁਰ ਸਾਹਿਬ ਘੋਸ਼ਿਤ ਕੀਤਾ ਜਾਵੇ, ਤਾਂ ਕਿ ਹੁਸ਼ਿਆਰਪੁਰ ਵਾਸੀਆਂ ਦੀਆਂ ਭਾਵਨਾਵਾਂ ਦਾ ਆਦਰ ਹੋਵੇ ਅਤੇ ਜ਼ਿਲ੍ਹੇ ਦੀਆਂ ਇਤਿਹਾਸਕ ਪਹਿਚਾਣ ਕਾਇਮ ਰਹੇ।
