ਗੜ੍ਹਸ਼ੰਕਰ- ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਹੁਸ਼ਿਆਰਪੁਰ ਵਲੋਂ ਮਨਾਏ ਜਾ ਰਹੇ ਨੇਤਰਦਾਨ ਪੰਦਰਵਾੜੇ ਨੇਤਰਦਾਨ ਸਬੰਧੀ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਜੇ.ਬੀ. ਬਹਿਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਦੇਸ਼ ਭਰ ਵਿਚ ਅੱਖਾਂ ਦੀ ਖਰਾਬ ਪੁਤਲੀ ਕਾਰਨ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਲੋਕਾਂ ਦੀ ਜ਼ਿੰਦਗੀ ਨੂੰ ਰੁਸ਼ਨਾਉਣ ਲਈ ਕਾਰਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਬਿਨ੍ਹਾਂ ਕਿਸੇ ਖਰਚੇ ਤੋਂ ਅੱਖਾਂ ਦੀ ਪੁਤਲੀ ਬਦਲਣ ਦਾ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਖਰਾਬ ਪੁਤਲੀ ਕਾਰਨ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਲੋਕਾਂ ਦੀ ਗਿਣਤੀ ਦੇਸ਼ ਭਰ ਵਿਚ ਲੱਖਾਂ ਦੀ ਤਾਦਾਦ ਵਿਚ ਹੈ, ਪਰ ਉਸਦੇ ਮੁਕਾਬਲੇ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਨਾ ਮਾਤਰ ਹੈ। ਉਨ੍ਹਾਂ ਲੋਕਾਂ ਨੂੰ ਨੇਤਰਦਾਨ ਮੁਹਿੰਮ ਦਾ ਹਿੱਸਾ ਬਣਕੇ ਸੇਵਾ ਦੇ ਕਾਰਜ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸੁਸਾਇਟੀ ਦੀ ਬਾਡੀ ਡੋਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਤਰਸੇਮ ਸਿੰਘ ਨੇ ਨੇਤਰਦਾਨ ਦੀ ਪ੍ਰਕਿਰਿਆ ’ਤੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਜਿਉਂਦੇ ਜੀਅ ਨੇਤਰਦਾਨ ਕਰਨ ਦਾ ਪ੍ਰਣ ਪੱਤਰ ਭਰਨ ਵਾਲੇ ਵਿਅਕਤੀ ਦੇ ਮਰਨ ਉਪਰੰਤ ਉਸਦੇ ਨੇਤਰ (ਅੱਖਾਂ ਦੀ ਪੁਤਲੀਆਂ) ਪਰਿਵਾਰ ਵਲੋਂ ਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਕ ਨੇਤਰਦਾਨ ਦੋ ਨੇਤਰਹੀਣ ਲੋਕਾਂ ਦਾ ਜੀਵਨ ਰੌਸ਼ਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨੇਤਰਦਾਨੀ ਦੀ ਮੌਤ ਤੋਂ 6-7 ਘੰਟੇ ਵਿਚ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 4118 ਨੇਤਰਹੀਣ ਲੋਕਾਂ ਦਾ ਜੀਵਨ ਰੁਸ਼ਨਾ ਚੁੱਕੀ ਹੈ। ਉਨ੍ਹਾਂ ਮਰਨ ਉਪਰੰਤ ਸਰੀਰ ਦਾਨ ਕਰਨ ਦੀ ਪ੍ਰਕਿਰਿਆ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਉਸਦਾ ਸਰੀਰ ਮੈਡੀਕਲ ਕਾਲਜਾਂ ਨੂੰ ਵਿਦਿਆਰਥੀ ਖੋਜ਼ ਵਾਸਤੇ ਦਾਨ ਕੀਤਾ ਜਾ ਸਕਦਾ ਹੈ। ਸੁਸਾਇਟੀ ਵਲੋਂ ਪ੍ਰੋ. ਦਲਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੇਤਰਦਾਨ ਕਰਨ ਦੇ ਕਾਰਜ ਵਿਚ ਵਹਿਮਾ ਭਰਮਾਂ ਲਈ ਕੋਈ ਥਾਂ ਨਹੀਂ।
ਉਨ੍ਹਾਂ ਕਿਹਾ ਕਿ ਕਈ ਲੋਕ ਵਹਿਮਾ ਭਰਮਾਂ ਦੁਆਰਾ ਨੇਤਰਦਾਨ ਵਰਗੇ ਨੇਕ ਕਾਰਜਾਂ ਵਿਚ ਅੜਿੱਕਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਧਰਮ ਵਿਚ ਨੇਤਰਦਾਨ ਕਰਨ ਦੀ ਮਨਾਹੀ ਨਹੀਂ। ਡਾ. ਲਖਵਿੰਦਰ ਬਿਲੜੋਂ ਨੇ ਨੇਦਰਦਾਨ ਸਬੰਧੀ ਵਿਚਾਰ ਰੱਖੇ ਤੇ ਤਰਕਸ਼ੀਲ ਆਗੂ ਡਾ. ਜੋਗਿੰਦਰ ਕੁੱਲੇਵਾਲ ਨੇ ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ ਤੋਂ ਸੁਚੇਤ ਕਰਦਿਆਂ ਵਿਗਿਆਨਕ ਸੋਚ ਅਪਨਾਉਣ ਦਾ ਸੱਦਾ ਦਿੱਤਾ।
ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਰੋਟਰੀ ਆਈ ਬੈਂਕ ਦੀ ਸਮੁੱਚੀ ਟੀਮ ਦਾ ਸਵਾਗਤ ਕਰਦਿਆਂ ਕਾਲਜ ਵਲੋਂ ਨੇਤਰਦਾਨ ਮੁਹਿੰਮ ’ਚ ਯੋਗਦਾਨ ਪਾਉਣ ਅਤੇ ਰੋਟਰੀ ਆਈ ਬੈਂਕ ਨਾਲ ਐੱਮ.ਓ. ਯੂ. ਸਾਈਨ ਕਰਨ ਦਾ ਭਰੋਸਾ ਦਿੱਤਾ। ਪ੍ਰੋ. ਕੰਵਰ ਕੁਲਵੰਤ ਸਿੰਘ ਨੇ ਪਹੁੰਚੀ ਟੀਮ ਦਾ ਕਾਲਜ ਵਲੋਂ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ।
ਸੁਪਰਡੈਂਟ ਪਰਮਿੰਦਰ ਸਿੰਘ ਵਲੋਂ ਸਟੇਜ ਦੀ ਕਾਰਵਾਈ ਚਲਾਈ ਲਈ। ਇਸ ਮੌਕੇ ਡਾ. ਰਾਜੀਵ ਸ਼ਰਮਾ, ਅਸ਼ਵਨੀ ਦੱਤਾ, ਪ੍ਰੋ. ਗੁਰਪ੍ਰੀਤ ਸਿੰਘ ਕਲਸੀ, ਡਾ. ਨਰੇਸ਼ ਕੁਮਾਰੀ, ਉਂਕਾਰ ਸਿੰਘ ਚਾਹਲਪੁਰੀ, ਭੁਪਿੰਦਰ ਸਿੰਘ ਰਾਣਾ, ਡੀ.ਕੇ. ਰਾਜਨ, ਰਮਨ ਤੇ ਵਿਦਿਆਰਥੀ ਹਾਜ਼ਰ ਹੋਏ।
ਰੋਟਰੀ ਆਈ ਬੈਂਕ ਵਲੋਂ ਨੇਤਰਦਾਨ ਸਬੰਧੀ ਖ਼ਾਲਸਾ ਕਾਲਜ ’ਚ ਸੈਮੀਨਾਰ
