ਸ੍ਰੀ ਅੰਮ੍ਰਿਤਸਰ ਸਾਹਿਬ- ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਹੋਏ ਇਤਿਹਾਸਕ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਹੇਠ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਮੁਹਿੰਮ ਦੇ ਆਖਰੀ ਪੜਾਅ ਨੂੰ ਇਤਿਹਾਸਕ ਸਥਾਨ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪੂਰਾ ਕਰਨ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਾਲ ਦੀ ਇਜਾਜ਼ਤ ਲਈ ਬੇਨਤੀ ਪੱਤਰ ਸੌਂਪਿਆ ਗਿਆ। ਭਰਤੀ ਕਮੇਟੀ ਵਲੋਂ ਬੀਬੀ ਮੈਂਬਰ ਬੀਬੀ ਸਤਵੰਤ ਕੌਰ ਦੇ ਰਾਹੀਂ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਵਾਲਾ ਬੇਨਤੀ ਪੱਤਰ ਸੌਂਪਿਆ ਗਿਆ।
ਸੌਪੇ ਗਏ ਬੇਨਤੀ ਪੱਤਰ ਨੂੰ ਪ੍ਰਾਪਤ ਕਰਨ ਉਪਰੰਤ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਰਿਸੀਵਿੰਗ ਨੰਬਰ 23175 ਦਿੱਤਾ ਗਿਆ, ਜਿਸ ਲਈ ਭਰਤੀ ਕਮੇਟੀ ਦੇ ਕਾਰਜਸ਼ੀਲ ਮੈਬਰਾਂ ਵੱਲੋਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ,ਜੱਥੇਦਾਰ ਇਕਬਾਲ ਸਿੰਘ ਝੂੰਦਾਂ ਅਤੇ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਵਲੋ ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਰਵਾਇਤ ਅਨੁਸਾਰ ਅਤੇ ਐਸਜੀਪੀਸੀ ਦੇ ਪ੍ਰਬੰਧਕੀ ਵਿਭਾਗ ਦੀ ਤੈਅ ਫ਼ੀਸ ਅਤੇ ਸ਼ਰਤ ਮੁਤਾਬਿਕ ਜਿਹੜੀ ਭੇਟਾ ਬਣਦੀ ਹੈ, ਜਿਹੜੀ ਹੁਣ ਤੱਕ ਜਨਰਲ ਇਜਲਾਸ ਮੌਕੇ ਲਈ ਜਾਂਦੀ ਰਹੀ ਹੈ, ਉਸ ਨੂੰ ਵੀ ਐਸਜੀਪੀਸੀ ਦੇ ਪ੍ਰਬੰਧਕੀ ਵਿਭਾਗ ਕੋਲ ਜਮ੍ਹਾ ਕਰਵਾਇਆ ਜਾਵੇਗਾ।
ਭਰਤੀ ਕਮੇਟੀ ਵੱਲੋ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋ ਦਸੰਬਰ ਨੂੰ ਜਿਹੜੀ ਸੇਵਾ ਓਹਨਾਂ ਦੇ ਹਿੱਸੇ ਆਈ ਸੀ, ਉਸ ਨੂੰ ਬੜੀ ਇਮਾਨਦਾਰੀ, ਪੰਥ, ਕੌਮ ਅਤੇ ਪੰਜਾਬ ਦੇ ਵਢੇਰੇ ਹਿੱਤਾਂ ਲਈ ਪੂਰਾ ਕਰਨ ਵਿੱਚ ਕਮੇਟੀ ਕਾਮਯਾਬ ਰਹੀ ਹੈ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ 11 ਅਗਸਤ ਨੂੰ ਸੰਗਤ ਦੀ ਹਾਜ਼ਰੀ ਵਿੱਚ ਪੂਰਨ ਵਿਧੀ ਵਿਧਾਨ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ (ਪ੍ਰਧਾਨ) ਦੀ ਚੋਣ ਨੂੰ ਪੂਰਾ ਕਰ ਲਿਆ ਜਾਵੇਗਾ।
ਬੇਨਤੀ ਪੱਤਰ ਸੌਂਪਦੇ ਹੋਏ ਸਰਦਾਰ ਜਸਬੀਰ ਸਿੰਘ ਘੁੰਮਣ,ਸਰਦਾਰ ਗੁਰਲਾਲ ਸਿੰਘ, ਸਰਦਾਰ ਦਲਜਿੰਦਰ ਬੀਰ ਸਿੰਘ ਵਿਰਕ,ਸਰਦਾਰ ਸੁਰਿੰਦਰ ਸਿੰਘ ਦੋਬਲੀਆ ਅਤੇ ਸਰਦਾਰ ਨਰਿੰਦਰ ਸਿੰਘ ਭਾਟੀਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਰਨ ਲਈ ਐਸਜੀਪੀਸੀ ਨੂੰ ਬੇਨਤੀ ਪੱਤਰ ਸੌਂਪਿਆ ਗਿਆ
