ਚੰਡੀਗੜ੍ਹ:- ਪੰਜਾਬ ਦੀਆਂ 103 ਸਥਾਨਕ ਸਭਾਵਾਂ (ਨਗਰ ਨਿਗਮਾਂ ਅਤੇ ਨਗਰ ਕੌਂਸਲਾਂ) ਦੀਆਂ ਆਮ ਚੋਣਾਂ ਦੇ ਅੱਜ ਐਲਾਨੇ ਜਾ ਰਹੇ ਨਤੀਜਿਆਂ ਵਿੱਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਬਹੁ-ਕੋਣੇ ਮੁਕਾਬਲਿਆਂ ਦਰਮਿਆਨ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਪਛਾੜਦਿਆਂ ਇੱਕਤਰਫ਼ਾ ਇਤਿਹਾਸਕ ਜਿੱਤ ਵੱਲ ਕਦਮ ਵਧਾ ਦਿੱਤੇ ਹਨ। ਇਨ੍ਹਾਂ ‘ਮਿੰਨੀ ਵਿਧਾਨ ਸਭਾ’ ਚੋਣਾਂ ਵਿੱਚ ‘ਆਪ’ ਹੁਣ ਤੱਕ ਕੁੱਲ ਵਾਰਡਾਂ ਦੇ 33 ਫ਼ੀਸਦੀ ਤੋਂ ਵੱਧ ਹਿੱਸੇ ’ਤੇ ਕਾਬਜ਼ ਹੋ ਚੁੱਕੀ ਹੈ।
ਦੁਪਹਿਰ 3 ਵਜੇ ਤੱਕ ਮਿਲੇ ਅਧਿਕਾਰਤ ਅੰਕੜਿਆਂ ਮੁਤਾਬਕ, ਰਾਜ ਦੇ ਕੁੱਲ 1,349 ਵਾਰਡਾਂ ਦੀ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ, ਜਿਸ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੱਕ ਵਿੱਚ ਹੂੰਝਾਫੇਰ ਲੋਕ-ਫ਼ਤਵਾ ਆਇਆ ਹੈ।
ਇਸ ਚੋਣ ਦੰਗਲ ਵਿੱਚ ਸਭ ਤੋਂ ਵੱਡਾ ਅਤੇ ਰਿਕਾਰਡਤੋੜ ਨਤੀਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਸਾਹਮਣੇ ਆਇਆ ਹੈ। ਧੂਰੀ ਨਗਰ ਕੌਂਸਲ ਦੇ ਕੁੱਲ 21 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 20 ਸੀਟਾਂ ’ਤੇ ਹੂੰਝਾਫੇਰ ਜਿੱਤ ਦਰਜ ਕਰਕੇ ਵਿਰੋਧੀ ਧਿਰਾਂ ਦਾ ਲਗਭਗ ਸਫ਼ਾਇਆ ਕਰ ਦਿੱਤਾ ਹੈ।
|
ਸਿਆਸੀ ਪਾਰਟੀ |
ਸੀਟਾਂ ਦੀ ਗਿਣਤੀ |
|
ਆਮ ਆਦਮੀ ਪਾਰਟੀ (ਆਪ) |
904 |
|
ਕਾਂਗਰਸ |
364 |
|
ਸ਼੍ਰੋਮਣੀ ਅਕਾਲੀ ਦਲ |
183 |
|
ਭਾਰਤੀ ਜਨਤਾ ਪਾਰਟੀ (ਭਾਜਪਾ) |
162 |
|
ਆਜ਼ਾਦ |
247 |
|
ਬਸਪਾ |
07 |
ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ’ਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਦੇ ਬਾਹਰ ਬਹੁਪਰਤੀ ਸੁਰੱਖਿਆ ਲਾਈ ਹੋਈ ਹੈ। ਚੋਣ ਪ੍ਰਕਿਰਿਆ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਹਨ। ਸੂਬੇ ’ਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ।
ਵੇਰਵਿਆਂ ਅਨੁਸਾਰ ਅੱਠ ਨਗਰ ਨਿਗਮਾਂ ਲਈ 1,613 ਉਮੀਦਵਾਰਾਂ, 75 ਨਗਰ ਕੌਂਸਲਾਂ ਲਈ 5,141 ਅਤੇ 19 ਨਗਰ ਪੰਚਾਇਤਾਂ ਲਈ ਖੜ੍ਹੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਹੋਵੇਗਾ। ਪੰਜਾਬ ਭਰ ’ਚ ਅੱਜ 1,897 ਵਾਰਡਾਂ ਨੂੰ ਨਵੇਂ ਕੌਂਸਲਰ ਮਿਲਣਗੇ। ‘ਆਪ’ ਕਾਰਜਕਾਲ ਦੌਰਾਨ ਇਸ ਤੋਂ ਪਹਿਲਾਂ ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਵੋਟਾਂ ਦਸੰਬਰ 2024 ’ਚ ਵੀ ਪਈਆਂ ਸਨ।
ਐਤਕੀਂ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੇ ਸਿਆਸੀ ਹੱਕ ਦਾ ਇਸਤੇਮਾਲ ਕੀਤਾ ਸੀ ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64 ਫ਼ੀਸਦੀ ਬਣਦੀ ਹੈ। ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ ਅਤੇ ਬਰਨਾਲਾ ਦੇ 50 ਵਾਰਡਾਂ ਨੂੰ ਪਹਿਲੀ ਵਾਰ ਨਿਗਮ ਦੇ ਕੌਂਸਲਰ ਮਿਲਣਗੇ।
