ਚੰਡੀਗੜ੍ਹ, 16 ਸਤੰਬਰ:- ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਹਰਿਆਣਾ ਦਿਵਿਆਂਗ ਪੈਨਸ਼ਨ ਨਾਮਕ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਅਜਿਹੇ ਦਿਵਿਆਂਗ ਵਿਅਕਤੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ, ਜੋ ਆਪਣੇ ਸਰੋਤਾਂ ਨਾਲ ਪਾਲਣ-ਪੋਸ਼ਣ ਕਰਨ ਵਿੱਚ ਅਸਮਰੱਥ ਹਨ ਅਤੇ ਜਿਨ੍ਹਾਂ ਨੂੰ ਰਾਜ ਤੋਂ ਵਿੱਤੀ ਸਹਾਇਤਾ ਦੀ ਲੋੜ ਹੈ। ਲਗਭਗ 60 ਪ੍ਰਤੀਸ਼ਤ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ 3200 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਹਰ ਮਹੀਨੇ 2 ਲੱਖ 7104 ਯੋਗ ਵਿਅਕਤੀਆਂ ਨੂੰ ਦਿਵਿਆਂਗ ਪੈਨਸ਼ਨ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਪੈਨਸ਼ਨ ਯੋਜਨਾ ਵਿੱਚ ਯੋਗ ਲਾਭਪਾਤਰੀਆਂ ਨੂੰ ਹਰ ਮਹੀਨੇ ਸਬੰਧਤ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਰਾਹੀਂ ਸੂਚੀ ਵਿੱਚ ਨਾਮ ਵੀ ਜੋੜਿਆ ਜਾਂਦਾ ਹੈ।
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਨੇ ਦੱਸਿਆ ਕਿ ਦਿਵਿਆਂਗ ਯੋਗਤਾ ਮਾਪਦੰਡਾਂ ਵਿੱਚ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਦਿਵਿਆਂਗ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਅਰਜ਼ੀਕਾਰ ਹਰਿਆਣਾ ਦਾ ਨਿਵਾਸੀ ਅਤੇ ਅਰਜ਼ੀ ਜਮ੍ਹਾਂ ਕਰਵਾਉਂਦੇ ਸਮੇਂ ਪਿਛਲੇ 15 ਸਾਲਾਂ ਤੋਂ ਹਰਿਆਣਾ ਦਾ ਪੱਕਾ ਨਿਵਾਸੀ ਹੋਣਾ ਚਾਹੀਦਾ ਹੈ। ਪਰਿਵਾਰ ਪਹਿਚਾਣ ਪੱਤਰ (ਪੀ.ਪੀ.ਪੀ.) ਅਤੇ ਉਸ ਦੇ ਕਰੀਬੀ ਰਿਸ਼ਤੇਦਾਰ ਜਿਵੇਂ ਮਾਤਾ-ਪਿਤਾ, ਪੁੱਤਰ, ਪੁੱਤਰ ਦਾ ਪੁੱਤਰ ਉਸ ਦਾ ਪਾਲਣ-ਪੋਸ਼ਣ ਨਹੀਂ ਕਰ ਰਹੇ ਹਨ ਅਤੇ ਸਾਰੇ ਸਰੋਤਾਂ ਤੋਂ ਉਸ ਦੀ ਸਲਾਨਾ ਆਮਦਨ ਕਿਰਤ ਵਿਭਾਗ ਦੁਆਰਾ ਨੋਟੀਫਾਈਡ ਅਤੇ ਵਿਭਾਗ ਵੱਲੋਂ ਸਾਲ-ਦਰ-ਸਾਲ ਪ੍ਰਸਾਰਿਤ ਅਨਪੜ੍ਹ/ਅਕੁਸ਼ਲ ਮਜ਼ਦੂਰ ਦੀ ਘੱਟੋ-ਘੱਟ ਮਜ਼ਦੂਰੀ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਹੀਮੋਫੀਲੀਆ, ਥੈਲੇਸੀਮੀਆ ਅਤੇ ਸਿਕਲ ਸੈਲ ਅਨੀਮੀਆ ਮਰੀਜ਼ਾਂ 'ਤੇ ਕੋਈ ਉਮਰ ਸੀਮਾ ਲਾਗੂ ਨਹੀਂ
ਉਨ੍ਹਾਂ ਦੱਸਿਆ ਕਿ ਹੀਮੋਫੀਲੀਆ, ਥੈਲੇਸੀਮੀਆ ਅਤੇ ਸਿਕਲ ਸੈਲ ਅਨੀਮੀਆ ਦੇ ਮਰੀਜ਼ਾਂ ਲਈ ਦਿਵਿਆਂਗ ਪੈਨਸ਼ਨ ਲੈਣ ਲਈ ਕੋਈ ਉਮਰ ਸੀਮਾ ਲਾਗੂ ਨਹੀਂ ਹੈ, ਪਰ ਅਰਜ਼ੀਕਾਰ ਦੀ ਸਾਰੇ ਸਰੋਤਾਂ ਤੋਂ ਸਲਾਨਾ ਆਮਦਨ 3 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਸ਼੍ਰੀ ਬੇਦੀ ਨੇ ਦੱਸਿਆ ਕਿ ਹੀਮੋਫੀਲੀਆ, ਥੈਲੇਸੀਮੀਆ ਅਤੇ ਸਿਕਲ ਸੈੱਲ ਅਨੀਮੀਆ ਦੇ ਮਾਮਲੇ ਵਿੱਚ ਸਿਹਤ ਵਿਭਾਗ ਵੱਲੋਂ ਜਾਰੀ ਦਿਵਿਆਂਗ ਸਰਟੀਫਿਕੇਟ ਜਾਰੀ ਹੋਣ 'ਤੇ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਥੈਲੇਸੀਮੀਆ ਦੇ ਮਾਮਲੇ ਵਿੱਚ ਲਾਭਪਾਤਰੀ ਨੂੰ ਸਬੰਧਤ ਸਿਵਲ ਸਰਜਨ ਵੱਲੋਂ ਹਰ ਸਾਲ ਸਰਟੀਫਿਕੇਟ ਤਸਦੀਕ ਕਰਵਾਉਣਾ ਹੋਵੇਗਾ ਕਿ ਉਹ ਠੀਕ ਹੋ ਗਿਆ ਹੈ ਜਾਂ ਨਹੀਂ। ਜੇਕਰ ਤਸਦੀਕ ਤੋਂ ਬਾਅਦ ਇਹ ਪਾਇਆ ਜਾਂਦਾ ਹੈ ਕਿ ਲਾਭਪਾਤਰੀ ਠੀਕ ਹੋ ਗਿਆ ਹੈ, ਤਾਂ ਉਸ ਦੀ ਵਿੱਤੀ ਸਹਾਇਤਾ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਜਾਵੇਗੀ। ਹੀਮੋਫੀਲੀਆ, ਥੈਲੇਸੀਮੀਆ ਅਤੇ ਸਿਕਲ ਸੈੱਲ ਅਨੀਮੀਆ ਦੇ ਮਾਮਲੇ ਵਿੱਚ ਇਸ ਯੋਜਨਾ ਤਹਿਤ ਪ੍ਰਦਾਨ ਕੀਤੀ ਜਾਣ ਵਾਲੀ ਵਿੱਤੀ ਸਹਾਇਤਾ ਅਰਜ਼ੀਕਾਰ ਦੁਆਰਾ ਕਿਸੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਤਹਿਤ ਪ੍ਰਾਪਤ ਲਾਭ ਤੋਂ ਵੱਖਰੀ (ਵਾਧੂ) ਹੁੰਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਦਿਵਿਆਂਗ ਪੈਨਸ਼ਨ ਯੋਜਨਾ ਉਨ੍ਹਾਂ ਵਿਅਕਤੀਆਂ 'ਤੇ ਲਾਗੂ ਹੋਵੇਗੀ ਜੋ ਹਰਿਆਣਾ ਸਰਕਾਰ ਦੁਆਰਾ ਨੋਟੀਫਾਈਡ ਕਿਸੇ ਇੱਕ ਬੀਮਾਰੀ ਤੋਂ ਪੀੜਤ ਹਨ। ਚੱਲਣ-ਫਿਰਨ ਵਿੱਚ ਅਸਮਰੱਥਾ, ਠੀਕ ਹੋ ਚੁੱਕੇ ਕੋੜ੍ਹ ਰੋਗੀ, ਸੇਰੇਬ੍ਰਲ ਪਾਲਸੀ, ਮਸਕੁਲਰ ਡਿਸਟ੍ਰੋਫੀ, ਅੰਨ੍ਹਾਪਣ, ਘੱਟ ਦ੍ਰਿਸ਼ਟੀ, ਸੁਣਨ ਵਿੱਚ ਕਮੀ, ਬੋਲਣ ਅਤੇ ਭਾਸ਼ਾ ਸੰਬੰਧੀ ਅਸਮਰੱਥਾ, ਬੌਧਿਕ ਅਸਮਰੱਥਾ, ਵਿਸ਼ੇਸ਼ ਸਿੱਖਣ ਦੀ ਅਸਮਰੱਥਾ, ਔਟਿਜ਼ਮ ਸਪੈਕਟ੍ਰਮ ਵਿਕਾਰ, ਮਾਨਸਿਕ ਬੀਮਾਰੀ, ਕਰੋਨਿਕ ਨਿਊਰੋਲੋਜੀਕਲ ਸਥਿਤੀਆਂ, ਮਲਟੀਪਲ ਸਕਲੇਰੋਸਿਸ, ਪਾਰਕਿੰਸਨ ਰੋਗ, ਸਿਕਲ ਸੈੱਲ ਰੋਗ, ਮਲਟੀਪਲ ਅਪਾਹਜਤਾ, ਐਸਿਡ ਅਟੈਕ ਆਦਿ ਤੋਂ ਪੀੜਤ ਹੋ ਕੇ ਦਿਵਿਆਂਗ ਹੋ ਗਏ ਹਨ। ਇਸ ਤੋਂ ਇਲਾਵਾ ਬੌਣੇ ਵਿਅਕਤੀ ਨੂੰ ਵੀ ਸਰਕਾਰ ਦੀ ਦਿਵਿਆਂਗਤਾ ਸ਼੍ਰੇਣੀ ਵਿੱਚ ਰੱਖ ਕੇ ਮਹੀਨਾਵਾਰ ਪੈਨਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ।
