ਪਟਿਆਲਾ, 4 ਸਤੰਬਰ- ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈ ਆਈ ਏ) ਪੰਜਾਬ ਚੈਪਟਰ ਦੀਆਂ ਚੋਣਾਂ ਵਿੱਚ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ 61 ਫੀਸਦੀ ਵੋਟਾਂ ਪ੍ਰਾਪਤ ਕਰਕੇ ਚੇਅਰਮੈਨ ਦੇ ਅਹੁਦੇ ਲਈ ਜੇਤੂ ਐਲਾਨੇ ਗਏ ਹਨ।
ਪ੍ਰਿਤਪਾਲ ਸਿੰਘ ਆਹਲੂਵਾਲੀਆ ਦੇ ਨਾਲ ਪੰਜਾਬ ਚੈਪਟਰ ਦੀ ਨਵੀਂ ਟੀਮ ਵਿੱਚ ਆਰ. ਐਸ. ਸੰਧੂ ਖਜ਼ਾਨਚੀ ਦੇ ਅਹੁਦੇ ਲਈ ਜੇਤੂ ਰਹੇ। ਇਸ ਤੋਂ ਇਲਾਵਾ ਲੁਧਿਆਣਾ ਤੋਂ ਰਾਜਨ ਟਾਂਗਰੀ ਅਤੇ ਜਲੰਧਰ ਤੋਂ ਸੰਜੇ ਕੁਮਾਰ ਜੁਆਇੰਟ ਸਕੱਤਰ ਦੇ ਅਹੁਦੇ ਲਈ ਚੁਣੇ ਗਏ।
ਜਲੰਧਰ ਤੋਂ ਦਿਨੇਸ਼ ਭਗਤ ਵਾਈਸ ਚੇਅਰਮੈਨ ਚੁਣੇ ਗਏ। ਪੰਜਾਬ ਚੈਪਟਰ ਲਈ 10 ਐਗਜ਼ੇੈੈਕਟਿਵ  ਮੈਂਬਰ ਵੀ ਜੇਤੂ ਰਹੇ ਹਨ। ਇਨ੍ਹਾਂ ਵਿੱਚ ਲੁਧਿਆਣਾ ਤੋਂ ਰਵਿੰਦਰ ਸਿੰਘ, ਪੂਜਾ ਵਰਮਾਨੀ, ਸਾਂਚੀ ਗੋਇਲ, ਪ੍ਰਭਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ, ਮੋਹਾਲੀ ਤੋਂ ਰਾਜਿੰਦਰ ਕੌਰ ਅਤੇ ਅਮਨਜੀਤ ਕੌਰ ਅਤੇ ਪਟਿਆਲਾ ਤੋਂ ਰਾਕੇਸ਼ ਅਰੋੜਾ, ਮਨੀਸ਼ਾ ਜਿੰਦਲ ਅਤੇ ਮੋਹਨ ਸਿੰਘ ਸ਼ਾਮਲ ਹਨ।
ਸੰਗੀਤਾ ਰਾਣੀ ਆਈ ਆਈ ਏ ਪਟਿਆਲਾ ਚੈਪਟਰ ਦੇ ਵਾਈਸ ਚੇਅਰਪਰਸਨ ਦੇ ਅਹੁਦੇ ਲਈ ਜੇਤੂ ਰਹੇ। ਸੰਜੀਵ ਕੇ. ਗੋਇਲ ਆਈ ਆਈ ਏ ਪਟਿਆਲਾ ਚੈਪਟਰ ਦੇ ਆਨਰੇਰੀ ਖ਼ਜ਼ਾਨਚੀ ਚੁਣੇ ਗਏ। ਰਾਣੀ ਮਧੂ, ਹਰਪ੍ਰੀਤ ਸਿੰਘ ਅਤੇ ਭਾਵਿਕਾ ਗੋਇਲ ਆਈ ਆਈ ਏ ਪਟਿਆਲਾ ਚੈਪਟਰ ਦੇ ਐਗਜ਼ੀਕਿਊਟਿਵ ਮੇੈਂਬਰ ਦੇ ਅਹੁਦੇ ਲਈ ਜੇਤੂ ਰਹੇ। ਪ੍ਰਿਤਪਾਲ ਸਿੰਘ ਆਹਲੂਵਾਲੀਆ ਪੰਜਾਬ ਦੇ ਪ੍ਰੈਕਟਿਸਿੰਗ ਆਰਕੀਟੈਕਟ ਹਨ ਤੇ ਉਹ ਮੋਹਾਲੀ ਅਤੇ ਪਟਿਆਲਾ ਵਿੱਚ ਵਾਲੀਆ ਕ੍ਰੀਏਟਿਵ ਆਰਕੀਟੈਕਟਸ ਦੇ ਨਾਮ ਹੇਠ ਦਫ਼ਤਰ ਚਲਾ ਰਹੇ ਹਨ। ਉਹ ਆਰਕੀਟੈਕਚਰ ਦੇ ਖੇਤਰ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ ਅਤੇ  ਲੁਧਿਆਣਾ ਸਮਾਰਟ   ਸਿਟੀ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ। ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਭਾਰਤ ਭਰ ਦੇ ਆਰਕੀਟੈਕਟਾਂ ਦੀ ਨੁਮਾਇੰਦਗੀ ਕਰਨ ਵਾਲੀ ਰਾਸ਼ਟਰੀ ਪੱਧਰ ਦੀ ਸੰਸਥਾ ਹੈ। ਇਸ ਦੇ ਮੈਂਬਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਹਨ ਅਤੇ ਵੱਖ-ਵੱਖ ਰਾਜਾਂ ਵਿੱਚ ਇਸ ਦੇ ਚੈਪਟਰ ਅਤੇ ਕੇਂਦਰ ਕਾਰਜਸ਼ੀਲ ਹਨ।
ਆਈ ਆਈ ਏ ਪੰਜਾਬ ਚੈਪਟਰ ਦੀ ਪੂਰੇ ਰਾਜ ਵਿੱਚ ਮਜ਼ਬੂਤ ਮੌਜੂਦਗੀ ਹੈ ਅਤੇ ਇਸ ਦੇ ਅਧੀਨ ਲੁਧਿਆਣਾ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਬਠਿੰਡਾ, ਕਪੂਰਥਲਾ, ਹੁਸ਼ਿਆਰਪੁਰ ਸਮੇਤ ਹੋਰ ਸ਼ਹਿਰਾਂ ਵਿੱਚ ਵੱਖ-ਵੱਖ ਕੇਂਦਰ ਹਨ।
ਪੰਜਾਬ ਚੈਪਟਰ ਅਤੇ ਇਸ ਦੇ ਵੱਖ-ਵੱਖ ਕੇਂਦਰਾਂ ਦੀਆਂ ਚੋਣਾਂ ਆਨਲਾਈਨ ਅਤੇ ਇੱਕੋ ਸਮੇਂ ਕਰਵਾਈਆਂ ਗਈਆਂ, ਜਿਸ ਨਾਲ ਪੰਜਾਬ ਭਰ ਦੇ ਮੈਂਬਰਾਂ ਨੂੰ ਇਸ ਲੋਕਤਾਂਤਰਿਕ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਮੌਕੇ  ਆਰ. ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਆਈ ਆਈ ਏ ਨਾਲ ਜੁੜੇ ਮੈਂਬਰਾਂ ਵੱਲੋਂ ਉਨ੍ਹਾਂ ’ਤੇ ਜਤਾਏ ਭਰੋਸੇ ਅਤੇ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਲੀਡਰਸ਼ਿਪ ਆਰਕੀਟੈਕਚਰ ਦੇ ਪੇਸ਼ੇ ਨੂੰ ਹੋਰ ਮਜ਼ਬੂਤ ਕਰਨ, ਆਰਕੀਟੈਕਟਾਂ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨ, ਮੌਕਿਆਂ ਵਿੱਚ ਵਾਧਾ ਕਰਨ ਅਤੇ ਪੰਜਾਬ ਭਰ ਦੇ ਆਈ ਆਈ ਏ ਮੈਂਬਰਾਂ ਦੀ ਵਧੇਰੇ ਭਾਗੀਦਾਰੀ ਯਕੀਨੀ ਬਣਾਉਣ ਲਈ ਕੰਮ ਕਰੇਗੀ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਚੈਪਟਰ ਦਾ ਮੁੱਖ ਧਿਆਨ ਪੇਸ਼ੇਵਰ ਵਿਕਾਸ, ਏਕਤਾ, ਗਿਆਨ ਦੀ ਸਾਂਝ, ਆਈ ਆਈ ਏ ਦੇ ਵੱਖ-ਵੱਖ ਕੇਂਦਰਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਸਰਕਾਰ ਸਮੇਤ ਹੋਰ ਸਬੰਧਤ ਧਿਰਾਂ ਨਾਲ ਰਚਨਾਤਮਕ ਸਹਿਯੋਗ ’ਤੇ ਰਹੇਗਾ, ਤਾਂ ਜੋ ਪੰਜਾਬ ਵਿੱਚ ਆਰਕੀਟੈਕਚਰ ਦੇ ਪੇਸ਼ੇ ਅਤੇ ਨਿਰਮਿਤ ਵਾਤਾਵਰਣ ਦੀ ਬਿਹਤਰੀ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਜਾ ਸਕੇ।