ਕੁਰੂਕਸ਼ੇਤਰ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਅੱਜ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਸੱਚ, ਨਿਆਂ, ਵਿਸ਼ਵਾਸ ਦੀ ਰੱਖਿਆ ਨੂੰ ਆਪਣਾ ਧਰਮ ਮੰਨਿਆ ਤੇ ਇਸ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ੍ਰੀ ਮੋਦੀ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਪੁੱਜੇ ਜਿਥੇ ਉਨ੍ਹਾਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿਚ ਇਕ ਵਿਸ਼ੇਸ਼ ਸਮਾਗਮ ਵਿਚ ਹਿੱਸਾ ਲਿਆ।
 ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅੱਜ ਸਵੇਰੇ ਰਾਮਾਇਣ ਦੀ ਨਗਰੀ ਅਯੁੱਧਿਆ ਵਿਚ ਸਨ ਅਤੇ ਹੁਣ ਉਹ ਗੀਤਾ ਦੀ ਨਗਰੀ ਕੁਰੂਕਸ਼ੇਤਰ ਵਿਚ ਹਨ। ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਆ।
ਉਨ੍ਹਾਂ ਕਿਹਾ, ‘ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਅਸੀਂ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਦੇ, ‘ਅਪਰੇਸ਼ਨ ਸਿੰਧੂਰ’ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ।’ ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੀ ਧਰਤੀ ਧਰਮ ਦਾ ਕੇਂਦਰ ਰਹੀ ਹੈ। ਉਨ੍ਹਾਂ ਦੀ ਸਰਕਾਰ ਹਰ ਧਰਮ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਹਾਲ ਹੀ ਵਿਚ ਪਾਕਿਸਤਾਨ ’ਤੇ ਕੀਤੇ ਹਮਲੇ ਦੀ ਗੱਲ ਕਰਦਿਆਂ ਕਿਹਾ ਕਿ ਦੁਨੀਆ ਭਰ ਨੇ ਦੇਖਿਆ ਹੈ ਕਿ ਹੁਣ ਵਾਲਾ ਭਾਰਤ ਨਾ ਤਾਂ ਦਹਿਸ਼ਤਗਰਦੀ ਤੋਂ ਡਰਦਾ ਹੈ ਤੇ ਨਾ ਹੀ ਉਨ੍ਹਾਂ ਅੱਗੇ ਝੁਕਦਾ ਹੈ। ਉਨ੍ਹਾਂ ਦਹਿਸ਼ਤਗਰਦੀ ਖ਼ਿਲਾਫ਼ ਹਰ ਕਾਰਵਾਈ ਕਰਨ ਦਾ ਅਹਿਦ ਦੁਹਰਾਇਆ।

ਧਰਮ ਦੀ ਰਾਖੀ ਲਈ ਕੁਰਬਾਨ ਹੋਏ ਗੁਰੂ ਤੇਗ ਬਹਾਦਰ ਜੀ, ਨਹੀਂ ਛੱਡਿਆ ਸੱਚ ਦਾ ਰਸਤਾ : ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜ਼ਾਲਮ ਔਰੰਗਜ਼ੇਬ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਕੈਦ ਕਰਨ ਦਾ ਹੁਕਮ ਦਿੱਤਾ ਸੀ ਪਰ ਗੁਰੂ ਸਾਹਿਬ ਨੇ ਖੁਦ ਦਿੱਲੀ ਆਉਣ ਦਾ ਐਲਾਨ ਕਰ ਦਿੱਤਾ। ਮੁਗਲ ਸ਼ਾਸਕਾਂ ਨੇ ਉਨ੍ਹਾਂ ਨੂੰ ਲਾਲਚ ਅਤੇ ਧਮਕੀਆਂ ਦਿੱਤੀਆਂ ਪਰ ਗੁਰੂ ਤੇਗ਼ ਬਹਾਦਰ ਜੀ ਆਪਣੇ ਵਿਸ਼ਵਾਸ ਅਤੇ ਸਿਧਾਂਤਾਂ 'ਤੇ ਦ੍ਰਿੜ ਰਹੇ। 
ਉਨ੍ਹਾਂ ਨੇ ਸਮਝੌਤਾ ਨਹੀਂ ਕੀਤਾ। ਬਾਅਦ ਵਿੱਚ ਗੁਰੂ ਸਾਹਿਬ ਦੀ ਭਾਵਨਾ ਨੂੰ ਤੋੜਨ ਅਤੇ ਉਨ੍ਹਾਂ ਨੂੰ ਕੁਰਾਹੇ ਪਾਉਣ ਲਈ ਉਨ੍ਹਾਂ ਦੇ ਤਿੰਨ ਪਿਆਰੇ ਸਾਥੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਨੂੰ ਉਨ੍ਹਾਂ ਦੇ ਸਾਹਮਣੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਕੱਟਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲਦੇ ਤੇਲ ਦੀ ਕੜਾਹੀ ਵਿੱਚ ਸੁੱਟ ਦਿੱਤਾ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ। 
ਇਹ ਸਭ ਗੁਰੂ ਸਾਹਿਬ ਦੇ ਸਾਹਮਣੇ ਹੋਇਆ। ਪਰ ਗੁਰੂ ਸਾਹਿਬ ਅਡੋਲ ਰਹੇ। ਉਨ੍ਹਾਂ ਦਾ ਇਰਾਦਾ ਦ੍ਰਿੜ ਰਿਹਾ। ਉਨ੍ਹਾਂ ਧਰਮ ਦਾ ਮਾਰਗ ਨਹੀਂ ਛੱਡਿਆ। ਅੰਤ ਵਿੱਚ ਤਪੱਸਿਆ ਦੀ ਸਥਿਤੀ ਵਿੱਚ ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਦੇ ਦਿੱਤਾ।