ਚੰਡੀਗੜ੍ਹ, 30 ਜੁਲਾਈ:- ਨੌਜਵਾਨਾਂ ਨੂੰ ਨਸ਼ੇ ਦੀ ਪ੍ਰਵਿਰਤੀ ਤੋਂ ਦੂਰ ਰੱਖਦਿਆਂ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਦੀ ਮੁੱਖ ਧਾਰਾ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 2 ਅਗਸਤ, 2026 ਨੂੰ 'ਨਸ਼ਾ ਮੁਕਤ ਯੁਵਾ ਫ਼ੋਰ ਵਿਕਸਿਤ ਭਾਰਤ – ਸੰਕਲਪ ਮੁਹਿੰਮ ਦੀ ਰਾਸ਼ਟਰੀ ਪੱਧਰ 'ਤੇ ਆਗਾਜ਼ ਕਰਨਗੇ। ਇਸ ਮੌਕੇ ਹਰਿਆਣਾ ਦੇ ਲੱਖਾਂ ਨੌਜਵਾਨ ਇਸ ਮੁਹਿੰਮ ਨਾਲ ਵਰਚੁਅਲ ਤੌਰ 'ਤੇ ਜੁੜ ਕੇ ਨਸ਼ਾਮੁਕਤ ਸਮਾਜ ਦੀ ਸਿਰਜਣਾ ਦਾ ਪ੍ਰਣ ਲੈਣਗੇ ਅਤੇ ਇਸ ਨੂੰ ਸੂਬਾ ਵਿਆਪੀ ਜਨ-ਅੰਦੋਲਨ ਦਾ ਰੂਪ ਦੇਣਗੇ।
ਹਰਿਆਣਾ ਵਿੱਚ ਇਸ ਮੁਹਿੰਮ ਦਾ ਰਾਜ ਪੱਧਰੀ ਮੁੱਖ ਪ੍ਰੋਗਰਾਮ ਪਵਿੱਤਰ ਧਰਤੀ ਕੁਰੂਕਸ਼ੇਤਰ ਵਿਖੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਮੁੱਖ ਮਹਿਮਾਨ ਵਜੋਂ ਮੌਜੂਦ ਰਹਿਣਗੇ। ਇਸ ਮੌਕੇ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ, ਵਿਦਿਆਰਥੀ, ਸਿੱਖਿਆ ਸੰਸਥਾਵਾਂ ਦੇ ਪ੍ਰਤੀਨਿਧੀ, ਸਵੈ-ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਸ਼ਿਰਕਤ ਕਰਨਗੀਆਂ।
ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਭਰ ਦੇ ਲਗਭਗ 10,000 ਸਥਾਨਾਂ 'ਤੇ ਆਯੋਜਿਤ ਪ੍ਰੋਗਰਾਮਾਂ ਨਾਲ ਵਰਚੁਅਲ ਰਾਹੀਂ ਜੁੜਦਿਆਂ ਇੱਕ ਕਰੋੜ ਤੋਂ ਵੱਧ ਨੌਜਵਾਨਾਂ ਨੂੰ ਸੰਬੋਧਿਤ ਕਰਨਗੇ।

**ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਵੇਗੀ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ
ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਵਿਸ਼ੇਸ਼ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਰਹੇਗਾ। ਮੁਹਿੰਮ ਦੀ ਪੂਰੀ ਮਿਆਦ ਦੌਰਾਨ ਸੂਬੇ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਰਾਜ ਸਰਕਾਰ ਵੱਡੇ ਪੱਧਰ 'ਤੇ ਯਤਨ ਕਰੇਗੀ। ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬੇ ਦੇ ਨੌਜਵਾਨ ਉਤਸ਼ਾਹ ਅਤੇ ਦ੍ਰਿੜ ਸੰਕਲਪ ਨਾਲ ਨਸ਼ਿਆਂ ਵਿਰੁੱਧ ਫ਼ੈਸਲਾਕੁੰਨ ਲੜਾਈ ਵਿੱਚ ਆਪਣੀ ਸਰਗਰਮ ਭਾਗੀਦਾਰੀ ਨਿਭਾਉਣਗੇ।
ਨਾਲ ਹੀ, ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਦਾ ਵੀ ਅਹਿਮ ਸਹਿਯੋਗ ਰਹੇਗਾ। ਉੱਥੇ ਹੀ, ਰਾਜ ਮੰਤਰੀ ਸ੍ਰੀ ਗੌਰਵ ਗੌਤਮ ਦੀ ਅਗਵਾਈ ਹੇਠ ਯੁਵਾ ਸ਼ਕਤੀਕਰਨ ਅਤੇ ਖੇਡ ਵਿਭਾਗ ਇਸ ਮੁਹਿੰਮ ਦੀ ਨੋਡਲ ਏਜੰਸੀ ਵਜੋਂ ਕੰਮ ਕਰੇਗਾ। ਵਿਭਾਗ ਮੁਹਿੰਮ ਦੀ ਪੂਰੀ ਸਮੇਂ ਦੌਰਾਨ ਰਾਜ ਪੱਧਰ 'ਤੇ ਸਾਰੇ ਲੋੜੀਂਦੇ ਪ੍ਰਬੰਧਾਂ, ਵੱਖ-ਵੱਖ ਵਿਭਾਗਾਂ ਵਿੱਚ ਤਾਲਮੇਲ ਅਤੇ ਪ੍ਰਭਾਵੀ ਅਮਲ ਨੂੰ ਯਕੀਨੀ ਬਣਾਏਗਾ, ਤਾਂ ਜੋ ਮੁਹਿੰਮ ਆਪਣੇ ਨਿਰਧਾਰਤ ਟੀਚਿਆਂ ਨੂੰ ਸਫ਼ਲਤਾਪੂਰਵਕ ਪ੍ਰਾਪਤ ਕਰ ਸਕੇ।

**ਹਰਿਆਣਾ ਵਿੱਚ ਹਰ ਐਤਵਾਰ ਨਸ਼ਾਮੁਕਤੀ ਦਾ ਸੁਨੇਹਾ ਦੇਣਗੇ ਨੌਜਵਾਨ
ਹਰਿਆਣਾ ਵਿੱਚ ਇਹ ਮੁਹਿੰਮ ਆਗਾਮੀ 100 ਹਫ਼ਤਿਆਂ ਤੱਕ ਹਰ ਐਤਵਾਰ ਨਿਰੰਤਰ ਰੂਪ ਵਿੱਚ ਚਲਾਈ ਜਾਵੇਗੀ। ਮੁਹਿੰਮ ਤਹਿਤ ਨੌਜਵਾਨਾਂ ਦੀ ਅਗਵਾਈ ਹੇਠ ਵੱਖ-ਵੱਖ ਜਨ-ਜਾਗਰੁਕਤਾ ਅਤੇ ਰਚਨਾਤਮਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਨੌਜਵਾਨਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਨੂੰ ਹੱਲਾਸ਼ੇਰੀ ਦੇਣਾ, ਭਾਈਚਾਰਕ ਸ਼ਮੂਲੀਅਤ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਦੀ ਊਰਜਾ ਨੂੰ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਹਾਂਪੱਖੀ ਤੌਰ 'ਤੇ ਪ੍ਰੇਰਿਤ ਕਰਨਾ ਹੈ।
ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਵੱਧ ਤੋਂ ਵੱਧ ਨੌਜਵਾਨਾਂ ਤੱਕ ਪ੍ਰਸਾਰਣ ਅਤੇ ਸਮੂਹਿਕ ਸਰਵਣ ਯਕੀਨੀ ਬਣਾਉਣ ਲਈ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਹਨ। ਯੂਨੀਵਰਸਿਟੀਆਂ ਨਾਲ ਸਬੰਧਤ ਸਾਰੇ ਸਰਕਾਰੀ ਅਤੇ ਨਿੱਜੀ ਕਾਲਜਾਂ ਵਿੱਚ ਵੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨਾਲ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸੂਬੇ ਦੇ ਸਕੂਲਾਂ, ਕਾਲਜਾਂ, ਯੁਵਾ ਕਲੱਬਾਂ, ਸਵੈ-ਸੇਵੀ ਸੰਸਥਾਵਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਮੁਹਿੰਮ ਨੂੰ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਹਰਿਆਣਾ ਵਿੱਚ ਨਸ਼ਿਆਂ ਵਿਰੁੱਧ ਵਿਆਪਕ ਜਨ-ਜਾਗਰਣ ਦਾ ਮਾਹੌਲ ਤਿਆਰ ਕੀਤਾ ਜਾ ਸਕੇ।
ਨਸ਼ਾਮੁਕਤ ਨੌਜਵਾਨ ਹੀ ਵਿਕਸਿਤ ਹਰਿਆਣਾ ਅਤੇ ਵਿਕਸਿਤ ਭਾਰਤ ਦੀ ਸਭ ਤੋਂ ਵੱਡੀ ਤਾਕਤ ਹਨ। ਸਿਹਤਮੰਦ, ਜਾਗਰੂਕ ਅਤੇ ਪ੍ਰਣਬੱਧ ਨੌਜਵਾਨ ਹੀ ਤਾਕਤਵਰ ਸਮਾਜ ਅਤੇ ਆਤਮ-ਨਿਰਭਰ ਰਾਸ਼ਟਰ ਦੀ ਨੀਂਹ ਹਨ। ਇਸ ਲਈ ਹਰ ਨੌਜਵਾਨ ਦਾ ਇਹ ਸੰਕਲਪ ਹੋਣਾ ਚਾਹੀਦਾ ਹੈ ਕਿ ਉਹ ਖ਼ੁਦ ਨਸ਼ਿਆਂ ਤੋਂ ਦੂਰ ਰਹੇਗਾ, ਦੂਜਿਆਂ ਨੂੰ ਵੀ ਇਸ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰੇਗਾ ਅਤੇ ਨਸਾਮੁਕਤ ਹਰਿਆਣਾ ਦੀ ਸਿਰਜਣਾ ਵਿੱਚ ਸਰਗਰਮ ਭੂਮਿਕਾ ਨਿਭਾਏਗਾ।