ਪਟਿਆਲਾ, 28 ਜੂਨ - ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕਿਹਾ ਹੈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਪਿਛਲੇ 30 ਸਾਲਾਂ ਤੋਂ ਪਟਿਆਲਾ ’ਚ ਪਾਰਟੀ ਨੂੰ ਡੋਬਣ ਦਾ ਕੰਮ ਕੀਤਾ ਹੈ ਤੇ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕੀਤੀ ਹੈ।
 ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕਿਹਾ ਕਿ ਪ੍ਰੋ. ਚੰਦੂਮਾਜਰਾ ਤੇ ਸੁਰਜੀਤ ਰੱਖੜਾ ਨੇ ਪਾਰਟੀ ਵਿਚ ਰਹਿੰਦਿਆਂ ਆਪਣੀਆਂ ਮਨਮਰਜ਼ੀਆਂ ਚਲਾਈਆਂ ਤੇ ਹਮੇਸ਼ਾ ਛੋਟੇ ਵਰਕਰਾਂ ਤੇ ਆਗੂਆਂ ਨੂੰ ਰੋਲ ਕੇ ਰੱਖਿਆ ਹੈ ਤੇ ਉਹਨਾਂ ਨੂੰ ਖਰਚੇ ਦੀਆਂ ਵਗਾਰਾਂ ਪਾ ਕੇ ਆਪਣੀ ਰਾਜਨੀਤੀ ਚਮਕਾਈ ਹੈ। ਉਹਨਾਂ ਕਿਹਾ ਕਿ 30 ਸਾਲਾਂ ਤੋਂ ਦੋਵਾਂ ਆਗੂਆਂ ਦੇ ਕਾਰਨ ਪਟਿਆਲਾ ਲੋਕ ਸਭਾ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੁੰਦੀ ਆ ਰਹੀ ਹੈ ਤੇ ਇਸ ਵਾਰ ਵੀ ਹੋਈ ਹੈ। 
ਉਹਨਾਂ ਕਿਹਾ ਕਿ ਚੰਦੂਮਾਜਰਾ ਤੇ ਰੱਖੜਾ ਪਰਿਵਾਰ ਅਤੇ ਢੀਂਡਸਾ ਪਰਿਵਾਰ ਦੀ ਭਾਜਪਾ ਨਾਲ ਨਜ਼ਦੀਕੀ ਕਿਸੇ ਤੋਂ ਲੁਕੀ ਨਹੀਂ ਹੈ। ਇਸ ਵਾਰ ਵੀ ਇਹਨਾਂ ਲੋਕਾਂ ਨੇ ਭਾਜਪਾ ਨੂੰ ਵੋਟਾਂ ਪੁਆਈਆਂ ਹਨ, ਇਸੇ ਕਾਰਣ ਭਾਜਪਾ ਦਾ ਵੋਟ ਸ਼ੇਅਰ ਪੰਜਾਬ ਵਿਚ ਵਧਿਆ ਹੈ। ਉਹਨਾਂ ਕਿਹਾ ਕਿ ਤਿੰਨਾਂ ਰੱਖੜਾ ਭਰਾਵਾਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਦੀਆਂ ਤਸਵੀਰਾਂ ਸਭ ਨੇ ਵੇਖੀਆਂ ਹਨ। ਉਹਨਾਂ ਕਿਹਾ ਕਿ ਰੱਖੜਾ ਨੇ ਤਾਂ ਪਾਰਟੀ ਵਿਚੋਂ ਹਰਪਾਲ ਜੁਨੇਜਾ, ਹਰਮੀਤ ਸਿੰਘ ਪਠਾਣਮਾਜਰਾ, ਰਵਿੰਦਰ ਸਿੰਘ ਜੌਨੀ ਕੋਹਲੀ, ਅਜੀਤਪਾਲ ਸਿੰਘ ਕੋਹਲੀ ਵਰਗੇ ਕਈ ਆਗੂਆਂ ਨੂੰ ਭਜਾਉਣ ਦਾ ਕੰਮ ਕੀਤਾ ਹੈ।
ਇਸ ਮੌਕੇ ਉਹਨਾਂ ਚੰਦੂਮਾਜਰਾ ਤੇ ਰੱਖੜਾ ਤੋਂ 'ਖਹਿੜਾ ਛੁੱਟਣ' ਦੀ ਖੁਸ਼ੀ ਵਿਚ ਲੱਡੂ ਵੀ ਵੰਡੇ।